ਪੰਜਾਬ 'ਚ 8ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ, ਬੋਰਡ ਭੇਜੇਗਾ 'ਫਲਾਇੰਗ ਟੀਮਾਂ' (ਵੀਡੀਓ)

03/03/2020 12:52:27 PM

ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ 12ਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ 3 ਮਾਰਚ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਲਈ ਜ਼ਿਲਾ ਸਿੱਖਿਆ ਵਿਭਾਗ ਵਲੋਂ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਾਣਕਾਰੀ ਮੁਤਾਬਕ 8ਵੀਂ ਜਮਾਤ ਦੀ ਪ੍ਰੀਖਿਆ ਸਵੇਰ ਦੀ ਸ਼ਿਫਟ 'ਚ ਹੋਵੇਗੀ ਅਤੇ ਇਸ ਦੇ ਲਈ ਜ਼ਿਲੇ 'ਚ ਕੁੱਲ 176 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ 'ਚ ਕੁੱਲ 23,380 ਵਿਦਿਆਰਥੀ ਪ੍ਰੀਖਿਆ ਲਈ ਬੈਠਣਗੇ। ਦੱਸਣਯੋਗ ਹੈ ਕਿ 8ਵੀਂ ਦੀ ਬੋਰਡ ਪ੍ਰੀਖਿਆ ਕਾਫੀ ਸਾਲਾਂ ਬਾਅਦ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ 12ਵੀਂ ਜਮਾਤ ਲਈ ਜ਼ਿਲਾ ਸਿੱਖਿਆ ਬੋਰਡ ਜ਼ਿਲੇ 'ਚ 138 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰ 'ਤੇ 22,142 ਵਿਦਿਆਰਥੀ ਬੈਠਣਗੇ।


ਪੰਜਾਬ ਬੋਰਡ ਭੇਜੇਗਾ ਫਲਾਇੰਗ ਟੀਮਾਂ
ਇਨ੍ਹਾਂ ਦੋਹਾਂ ਸ਼ਿਫਟਾਂ 'ਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ 45,522 ਰਹੇਗੀ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵਲੋਂ ਨਕਲ ਰਹਿਤ ਪ੍ਰੀਖਿਆ ਕਰਾਉਣ ਲਈ ਫਲਾਇੰਗ ਟੀਮਾਂ ਨੂੰ ਫੀਲਡ 'ਚ ਭੇਜਿਆ ਜਾਵੇਗਾ, ਜਦੋਂ ਕਿ ਕੁਝ ਫਲਾਇੰਗ ਟੀਮਾਂ ਬੋਰਡ ਵਲੋਂ ਵੀ ਭੇਜੀਆਂ ਜਾਣਗੀਆਂ। ਪ੍ਰੀਖਿਆ ਕੇਂਦਰਾਂ 'ਤੇ ਕੰਟਰੋਲਰ, ਸੁਪਰੀਡੈਂਟ ਤੋਂ ਇਲਾਵਾ ਆਬਜ਼ਰਵਰ ਵੀ ਤਾਇਨਾਤ ਰਹਿਣਗੇ। ਇਸ ਵਾਰ ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਕਾਫੀ ਪਹਿਲਾਂ ਤੋਂ ਹੀ ਮਿਸ਼ਨ ਸੌ ਫੀਸਦੀ ਸ਼ੁਰੂ ਕੀਤਾ ਗਿਆ ਸੀ। ਹੁਣ ਨਤੀਜਾ ਆਉਣ 'ਤੇ ਹੀ ਪਤਾ ਲੱਗੇਗਾ ਕਿ ਇਸ਼ ਮਿਸ਼ਨ ਦਾ ਕੀ ਅਸਰ ਹੋਵੇਗਾ। ਉੱਥੇ ਹੀ 5ਵੀਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾ ਮਾਰਚ ਦੀ 15 ਤਰੀਕ ਤੋਂ ਸ਼ੁਰੂ ਹੋਣਗੀਆਂ।


ਤਰੀਕਾਂ 'ਚ ਕਰਨਾ ਪਿਆ ਬਦਲਾਅ
ਹਾਲਾਂਕਿ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਦੇ ਹਿਸਾਬ ਨਾਲ 12ਵੀਂ ਦੀ ਪ੍ਰੀਖਿਆ 27 ਮਾਰਚ ਤੱਕ ਚੱਲਣੀ ਸੀ ਪਰ ਸੂਬਾ ਸਰਕਾਰ ਵਲੋਂ ਸਰਕਾਰੀ ਛੁੱਟੀਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਕੁਝ ਤਰੀਕਾਂ ਬਦਲਣੀਆਂ ਪਈਆਂ ਅਤੇ ਹੁਣ ਇਹ ਪ੍ਰੀਖਿਆਵਾਂ 3 ਅਪ੍ਰੈਲ ਤੱਕ ਚੱਲਣਗੀਆਂ।


 

Babita

This news is Content Editor Babita