ਪੰਜਾਬ ਬੋਰਡ ''ਚ 12ਵੀਂ ਦੀ ਇਤਿਹਾਸ ਦੀ ਕਿਤਾਬ ਫਿਰ ਵਿਵਾਦਾਂ ''ਚ

09/07/2018 12:03:27 PM

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਇਕ ਵਾਰ ਫਿਰ ਵਿਵਾਦਾਂ 'ਚ ਆ ਗਈ ਹੈ। ਹੁਣ ਇਸ ਕਿਤਾਬ 'ਚ ਦੂਜਾ ਚੈਪਟਰ 'ਗੁਰੂ ਨਾਨਕ ਸਾਹਿਬ : ਇਕ ਨਵਾਂ ਧਰਮ ਤੇ ਨਵਾਂ ਪੰਥ' ਬੋਰਡ ਨੇ ਵੈੱਬਸਾਈਟ 'ਤੇ ਅਪਲੋਡ ਕੀਤਾ ਹੈ, ਉਸ 'ਚ ਖੱਤਰੀ ਤੇ ਬ੍ਰਾਹਮਣ ਜਾਤੀ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਚੈਪਟਰ ਦੇ 3.2 ਹਿੱਸੇ 'ਚ ਦੋਹਾਂ ਜਾਤੀਆਂ ਨੂੰ ਦਮਨਕਾਰੀ ਸ਼ਾਸਕਾਂ ਦਾ ਹਿੱਸਾ ਬਣਨ ਬਾਰੇ ਲਿਖਿਆ ਗਿਆ ਹੈ। ਉੱਥੇ ਹੀ 6.3 ਨੰਬਰ 'ਚ ਇਸ ਦੇ ਉਲਟ ਖੱਤਰੀ ਸਮਾਜ ਨੂੰ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂਆਂ ਦੇ ਰੂਪ 'ਚ ਦਿਖਾਇਆ ਗਿਆ ਹੈ। ਇਹ ਦੋਵੇਂ ਹੀ ਪੁਆਇੰਟਸ ਵਿਰੋਧੀ ਹਨ। ਇਸ ਨਾਲ ਜਿੱਥੇ ਵਿਦਿਆਰਥੀਆਂ 'ਚ ਜਾਤੀਆਂ ਨੂੰ ਲੈ ਕੇ ਨਫਰਤ ਵਧਣ ਦੇ ਆਸਾਰ ਹਨ, ਉੱਥੇ ਹੀ ਅਧਿਆਪਕ ਵੀ ਪਰੇਸ਼ਾਨ ਹਨ ਅਤੇ ਅਖੀਰ ਉਹ ਕਿਸ ਪਹਿਲੂ ਨੂੰ ਸਹੀ ਮੰਨਣ।