ਮੈਟ੍ਰਿਕ ਪੱਧਰ ਦੇ ਵਾਧੂ ਵਿਸ਼ੇ ਪੰਜਾਬੀ ਦੀ ਪ੍ਰੀਖਿਆ 29 ਅਕਤੂਬਰ ਤੋਂ

09/30/2020 4:43:30 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2020-21 ਦੀ ਤੀਜੀ ਤਿਮਾਹੀ 'ਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦੇ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ 2020-21 ਦੀ ਤੀਜੀ ਤਿਮਾਹੀ 'ਚ ਲਈ ਜਾਣ ਵਾਲੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਦੀਆਂ ਮਿਤੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਬੋਰਡ ਵਲੋਂ ਇਹ ਪ੍ਰੀਖਿਆ 29 ਅਤੇ 30 ਅਕਤੂਬਰ ਨੂੰ ਲਈ ਜਾਵੇਗੀ।

ਪੰਜਾਬੀ ਪੇਪਰ-ਏ ਦੀ ਪ੍ਰੀਖਿਆ 29 ਅਕਤੂਬਰ ਅਤੇ ਪੰਜਾਬੀ ਪੇਪਰ-ਬੀ ਦੀ ਪ੍ਰੀਖਿਆ 30 ਅਕਤੂਬਰ ਨੂੰ ਹੋਵੇਗੀ। ਜਿਹੜੇ ਪ੍ਰੀਖਿਆਰਥੀ ਇਹ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਨ੍ਹਾਂ ਲਈ ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬਸਾਈਟ ’ਤੇ ਪਹਿਲੀ ਅਕਤੂਬਰ ਤੋਂ ਉਪਲੱਬਧ ਕਰਵਾ ਦਿੱਤੇ ਗਏ ਹਨ। ਹਰ ਪੱਖੋਂ ਮੁਕੰਮਲ ਪ੍ਰੀਖਿਆ ਫ਼ਾਰਮ 19 ਅਕਤੂਬਰ ਤੱਕ ਬੋਰਡ ਦੇ ਮੁੱਖ ਦਫ਼ਤਰ ਸਿੰਗਲ ਵਿੰਡੋ ਵਿਖੇ ਪ੍ਰਾਪਤ ਕੀਤੇ ਜਾਣਗੇ।

ਬੁਲਾਰੇ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਪ੍ਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ ਆਨਲਾਈਨ ਜਾਰੀ ਕੀਤੇ ਜਾਣਗੇ, ਜੋ ਬੋਰਡ ਦੀ ਵੈੱਬਸਾਈਟ ’ਤੇ 26 ਅਕਤੂਬਰ ਤੋਂ ਉਪਲੱਬਧ ਹੋਣਗੇ। ਸਾਰੇ ਪ੍ਰੀਖਿਆਰਥੀਆਂ ਨੂੰ ਹਦਾਇਤ ਵੀ ਕੀਤੀ ਕਿ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਉਹ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ।ਇਸ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਉਪਲਬਧ ਹੈ।
 

Babita

This news is Content Editor Babita