ਪੰਜਾਬ ਬੀ.ਜੇ.ਪੀ. 'ਚ ਅਸਤੀਫਿਆਂ ਦੀ ਲੱਗੀ ਝੜੀ (ਵੀਡੀਓ)

07/17/2018 1:04:08 PM

ਅੰਮ੍ਰਿਤਸਰ (ਗੁਰਪ੍ਰੀਤ) : ਗੁਰੂ ਕੀ ਨਗਰੀ 'ਚ ਨੇਤਾਵਾਂ ਦੀ ਆਪਸੀ ਖਟਾਸ ਕਾਰਨ ਮੰਡਲ ਪ੍ਰਧਾਨਾਂ ਦੇ ਅਸਤੀਫਿਆਂ ਦਾ ਦੌਰ ਵਧਦਾ ਹੀ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੌਰਾਨ ਹੋਰ ਅਹੁਦੇਦਾਰਾਂ ਵਲੋਂ ਵੀ ਅਸਤੀਫੇ ਦਿੱਤੇ ਜਾ ਸਕਦੇ ਹਨ। 
ਹਲਕਾ ਨਾਰਥ ਦੇ ਮੰਡਲ ਰਣਜੀਤ ਐਵੀਨਿਊ ਦੇ ਪ੍ਰਧਾਨ ਅਮਨ ਚੰਦੀ ਤੇ ਮੰਡਲ ਕਸ਼ਮੀਰ ਰਦ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਨੂੰ ਅਸਤੀਫੇ ਦੇ ਦਿੱਤੇ ਹਨ। ਰਾਜੇਸ਼ ਹਨੀ ਨੂੰ ਮਿਲਣ ਤੋਂ ਪਹਿਲਾਂ ਸ਼ਰਮਾ ਤੇ ਚੰਦੀ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਪਾਰਟੀ 'ਚ ਅਹੁਦੇਦਾਰਾਂ ਤੇ ਵਰਕਰਾਂ ਨੂੰ ਸਨਮਾਨ ਦੇਣ ਦੀ ਜਗ੍ਹਾ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਦਿਨ ਪਹਿਲਾਂ ਅਸਤੀਫਾ ਦੇਣ ਵਾਲੇ ਮੰਡਲ ਸਿਵਲ ਲਾਈਨਜ਼ ਦੇ ਪ੍ਰਧਾਨ ਸਿਆਮ ਸੁੰਦਰ ਨੂੰ ਸਹਿਯੋਗ ਦੇਣ ਦੀ ਜਗ੍ਹਾ ਰੋਜ਼ੀ-ਰਟੀ ਦਾ ਸਾਧਨ ਬੰਦ ਕੀਤਾ ਜਾ ਰਿਹਾ ਹੈ। ਹਲਕਾ ਕੇਂਦਰੀ ਦੇ ਮੰਡਲ ਪ੍ਰਧਾਨ, ਅਮਨ ਚੰਦੀ ਤੇ ਕੌਂਸਲਰ ਜਰਨੈਲ ਸਿੰਘ ਢੋਟ ਨਾਲ ਅਪਮਾਨ ਵਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਭਾਜਪਾ ਦੇ ਸਾਬਕਾ ਕਾਰਜਕਾਰੀ ਮੈਂਬਰ ਹਰਸ਼ ਖੰਨਾ ਨੇ ਵੀ ਪ੍ਰੇਸ਼ਾਨ ਹੋ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਦਿੱਤਾ। ਇਕ ਵਿਅਕਤੀ ਕਰਕੇ ਕਈ ਅਹੁਦੇਦਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਮੌਤ ਵੀ ਆਵੇ ਤਾਂ ਉੱਪਰ ਹੋਵੇ ਪਾਰਟੀ ਦਾ ਝੰਡਾ : ਸ਼ਰਮਾ 
ਅਸਤੀਫਾ ਦੇਣ ਵਾਲੇ ਮੰਡਲ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪਾਰਟੀ 'ਚ ਧੱਕੇਸ਼ਾਹੀ ਤੇ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾ ਤੋਂ ਸੰਘ ਤੇ ਭਾਜਪਾ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ ਪਰ ਜੋ ਕੁਝ ਹੁਣ ਵਾਪਰ ਰਿਹਾ ਹੈ ਉਹ ਪਹਿਲਾਂ ਨਹੀਂ ਦੇਖਿਆ। ਕੁਝ ਲੋਕ ਭਾਜਪਾ ਦਾ ਤਾਣਬਾਣਾ ਖਰਾਬ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਦੇ ਸੱਚੇ ਵਰਕਰ ਦੀ ਤਰ੍ਹਾਂ ਲੋਕ ਸਭਾ ਦੀਆਂ 2019 'ਚ ਹੋਣ ਵਾਲੀਆਂ ਚੋਣਾਂ ' ਵਧ-ਚੜ੍ਹ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਮੰਨਾ ਹੈ ਕਿ ਜਦੋਂ ਵੀ ਮੌਤ ਆਵੇ ਪਾਰਟੀ ਦਾ ਝੰਡਾ ਹੀ ਉੱਪਰ ਹੋਵੇ। 
ਅਹੁਦੇ ਦਾ ਤਿਆਗ ਸੋਖਾ ਨਹੀਂ ਪਰ ਇੱਜ਼ਤ ਪਿਆਰੀ : ਚੰਦੀ 
ਅਸਤੀਫਾ ਦੇਣ ਵਾਲੇ ਮੰਡਲ ਪ੍ਰਧਾਨ ਅਮਨ ਚੰਦੀ ਨੇ ਕਿਹਾ ਕਿ ਹਜ਼ਾਰਾਂ ਲੋਕ ਪਾਰਟੀ ਦੇ ਅਹੁਦੇਦਾਰੀਆਂ ਨੂੰ ਤਰਸਦੇ ਹਨ। ਪਾਰਟੀ ਦਾ ਅੱਜ ਵੀ ਸਤਿਕਾਰ ਕਰਦਾ ਹਾਂ ਪਰ ਅਹੁਦੇ ਤੋਂ ਜ਼ਿਆਦਾ ਇੱਜ਼ਤ ਪਿਆਰੀ ਹੈ। ਕਈ ਸਾਲਾਂ ਤੋਂ ਪਾਰਟੀ ਪ੍ਰਤੀ ਈਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰ ਰਹੇ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਜੋ ਕੁਝ ਹੋ ਰਿਹਾ ਹੈ। ਉਹ ਸਹਿਣ ਤੋਂ ਬਾਹਰ ਹੈ। ਉਹ ਅਹੁਦੇ ਦਾ ਤਿਆਗ ਕਰ ਰਹੇ ਹਨ ਪਰ ਵਰਕਰ ਬਣ ਕੇ ਜਨਤਾ ਤੇ ਪਾਰਟੀ ਦੀ ਸੇਵਾ ਤੋਂ ਪਿੱਛੇ ਨਹੀਂ ਹਟਣਗੇ। 
ਪਰਿਵਾਰਕ ਮਸਲਾ ਹੈ ਹੱਲ ਕਰਾਂਗੇ : ਹਨੀ 
ਜ਼ਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਨੇ ਕਿਹਾ ਕਿ ਮੰਡਲ ਪ੍ਰਧਾਨ ਸੁਸ਼ੀਲ ਸ਼ਰਮਾ, ਅਮਨ ਚੰਦੀ ਵਲੋਂ ਲਿਆ ਫੈਸਲਾ ਪਾਰਟੀ ਦਾ ਆਪਸੀ ਮਸਲਾ ਹੈ। ਇਸ ਨੂੰ ਬੈਠ ਕੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਦੋਨਾਂ ਆਗੂਆਂ ਨੇ ਭਾਜਪਾ ਨੂੰ ਚੰਗੀਆਂ ਸੇਵਾਵਾਂ ਦਿੱਤੀਆਂ ਹਨ। ਪਰਿਵਾਰਾਂ 'ਚ ਕਈ ਵਾਰੀ ਅਣਬਣ ਹੋ ਜਾਂਦੀ ਹੈ ਪਰ ਬਾਅਦ 'ਚ ਇਕੋ ਜਗ੍ਹਾ 'ਤੇ ਪਰਿਵਾਰਕ ਮੈਂਬਰ ਰਹਿ ਰਹੇ ਹੁੰਦੇ ਹਨ। ਅਸਤੀਫਿਆਂ ਬਾਰੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।