ਪੰਜਾਬ ਵਿਧਾਨ ਸਭਾ ਚੋਣਾਂ ''ਤੇ ਖੜ੍ਹਾ ਹੋਇਆ ਨਵਾਂ ਵਿਵਾਦ, ਇਨ੍ਹਾਂ ਹਾਰੇ ਉਮੀਦਵਾਰਾਂ ਨੇ ਚੁੱਕੇ ਸਵਾਲ

04/28/2017 5:55:44 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ''ਚ ਹਾਰਨ ਵਾਲੇ ਤਿੰਨ ਉਮੀਦਵਾਰਾਂ ਨੇ ਹਾਈਕੋਰਟ ''ਚ ਚੋਣ ਪਟੀਸ਼ਨ ਦਾਇਰ ਕਰਕੇ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਅਤੇ ਫਾਜ਼ਿਲਕਾ ਤੋਂ ਭਾਜਪਾ ਵਿਧਾਇਕ ਰਹੇ ਸੁਰਜੀਤ ਕੁਮਾਰ ਜਿਆਣੀ ਨੇ ਜੇਤੂ ਆਗੂ ਦਵਿੰਦਰ ਸਿੰਘ ਘੁਬਾਇਆ ਖਿਲਾਫ ਚੋਣ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਦਵਿੰਦਰ ਘੁਬਾਇਆ ਦੀ ਉਮਰ ਘੱਟ ਹੈ ਅਤੇ ਉਨ੍ਹਾਂ ਨੇ ਗਲਤ ਤਰੀਕੇ ਨਾਲ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ।
ਇਸੇ ਤਰ੍ਹਾਂ ਡੇਰਾਬਸੀ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਦੀਪਇੰਦਰ ਸਿੰਘ ਢਿੱਲੋਂ ਨੇ ਐੱਨ. ਕੇ . ਸ਼ਰਮਾ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਦੀਪਇੰਦਰ ਢਿੱਲੋਂ ਅਨੁਸਾਰ ਸ਼ਰਮਾ ਨੇ ਆਪਣੇ ਹਲਫਨਾਮੇ ਵਿਚ ਗਲਤ ਜਾਣਕਾਰੀ ਦਿੱਤੀ ਹੈ ਕਿ ਉਸ ਕੋਲ ਕਿਸੇ ਦਾ ਕੋਈ ਬਕਾਇਆ ਨਹੀਂ ਹੈ ਜਦਕਿ ਉਸ ਦੇ ਖਿਲਾਫ ਬਿਜਲੀ ਬੋਰਡ ਦਾ 35 ਲੱਖ ਰੁਪਏ ਦਾ ਬਕਾਇਆ ਹੈ ਅਤੇ ਉਸ ਨੇ ਕਰੋੜਾਂ ਰੁਪਏ ਹਾਊਸਿੰਗ ਪ੍ਰਾਜੈਕਟ ਦੀ ਫੀਸ ਵੀ ਅਦਾ ਕਰਨੀ ਹੈ।
ਦੂਜੇ ਪਾਸੇ ਸਾਹਨੇਵਾਲ ਤੋਂ ਕਾਂਗਰਸ ਦੀ ਉਮੀਦਵਾਰ ਸਤਵਿੰਦਰ ਬਿੱਟੀ ਨੇ ਅਕਾਲੀ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਚੋਣ ਰੱਦ ਕਰਨ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਢਿੱਲੋਂ ਨੇ ਪੈਸੇ ਅਤੇ ਸ਼ਰਾਬ ਦੇ ਸਹਾਰੇ ਵੋਟ ਖਰੀਦੇ ਹਨ। ਇਸ ਲਈ ਇਹ ਚੋਣ ਰੱਦ ਕੀਤੀ ਜਾਵੇ। ਇਹ ਤਿੰਨੇ ਪਟੀਸ਼ਨਾਂ ਹੁਣੇ ਜਿਹੇ ਹਾਈਕੋਰਟ ਵਿਚ ਦਾਖਲ ਕੀਤੀਆਂ ਗਈਆਂ ਹਨ। ਬ੍ਰਾਂਚ ਵਲੋਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਫੈਸਲਾ ਕੀਤਾ ਜਾਵੇਗਾ ਕਿ ਇਹ ਪਟੀਸ਼ਨਾ ਦੀ ਸੁਣਵਾਈ ਹੋਵੇਗੀ ਜਾਂ ਨਹੀਂ।

Gurminder Singh

This news is Content Editor Gurminder Singh