ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕਈ ਥਾਣਿਆਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣਿਆ ਥਾਣਾ ਫੱਤੂਢੀਂਗਾ

10/23/2017 5:12:24 AM

ਕਪੂਰਥਲਾ, (ਭੂਸ਼ਣ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਕੁੱਲ 23 ਏ. ਟੀ. ਐੱਮ. ਤੋੜ ਕੇ ਕਰੀਬ 82 ਲੱਖ ਰੁਪਏ ਦੀ ਰਕਮ ਲੁੱਟਣ ਦੇ ਮਾਮਲੇ 'ਚ ਗ੍ਰਿਫਤਾਰ ਪੰਜਾਂ ਲੁਟੇਰਿਆਂ ਦੀ ਗ੍ਰਿਫਤਾਰੀ ਦੇ ਕਾਰਨ ਫੱਤੂਢੀਂਗਾ ਥਾਣਾ ਜਿਥੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਕਈ ਥਾਣਿਆਂ ਦੀਆਂ ਪੁਲਸ ਟੀਮਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ, ਉਥੇ ਹੀ ਇਕ ਹਫ਼ਤੇ ਦੇ ਪੁਲਸ ਰਿਮਾਂਡ 'ਤੇ ਚੱਲ ਰਹੇ ਏ. ਟੀ. ਐੱਮ. ਲੁਟੇਰਾ ਗੈਂਗ ਦੇ ਪੰਜਾਂ ਮੈਂਬਰਾਂ ਨੂੰ ਦੋਵੇਂ ਸੂਬਿਆਂ ਦੀ ਪੁਲਸ ਨਾਲ ਸਬੰਧਤ ਥਾਣੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਗ੍ਰਿਫਤਾਰ ਕਰਨ ਦੀ ਹੋੜ 'ਚ ਜੁੱਟ ਗਏ ਹਨ ਤੇ ਪੰਜਾਂ ਲੁਟੇਰਿਆਂ 'ਤੇ ਨਜ਼ਰ ਰੱਖਣ ਲਈ ਫੱਤੂਢੀਂਗਾ ਪੁਲਸ ਨੇ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹਨ।  
ਬੀਤੇ ਕਈ ਦਿਨਾਂ ਤੋਂ ਥਾਣਾ ਫੱਤੂਢੀਂਗਾ ਦਾ ਮੁੱਖ ਦਰਵਾਜ਼ਾ ਹੈ ਬੰਦ
ਏ. ਟੀ. ਐੱਮ. ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਪੰਜਾਂ ਲੁਟੇਰਿਆਂ ਦੇ ਰਿਮਾਂਡ ਦੇ ਦੌਰਾਨ ਫੱਤੂਢੀਂਗਾ ਥਾਣੇ 'ਚ ਬੰਦ ਹੋਣ ਦੇ ਕਾਰਨ ਜਿਥੇ ਥਾਣੇ ਦਾ ਮੁੱਖ ਦਰਵਾਜ਼ਾ ਬੀਤੇ ਕਈ ਦਿਨਾਂ ਤੋਂ ਬੰਦ ਹੈ , ਉਥੇ ਹੀ ਥਾਣੇ ਦੇ ਨਾਲ ਲੱਗਣ ਵਾਲੇ ਖੇਤਾਂ 'ਚ ਵੀ ਪੁਲਸ ਗਸ਼ਤ ਜਾਰੀ ਹੈ। ਗੌਰ ਹੋਵੇ ਕਿ ਬੀਤੇ ਦਿਨੀਂ ਥਾਣਾ ਫੱਤੂਢੀਂਗਾ ਦੀ ਹਵਾਲਾਤ ਤੋਂ ਰਾਤ ਦੇ ਹਨੇਰੇ 'ਚ ਖਿੜਕੀ ਤੋੜ ਕੇ 2 ਮੁਲਜ਼ਮ ਭੱਜ ਨਿਕਲੇ ਸਨ। ਜਿਸ ਨੂੰ ਲੈ ਕੇ ਫੱਤੂਢੀਂਗਾ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।   
ਕੀ ਕਹਿੰਦੇ ਹਨ ਐੱਸ. ਐੱਸ. - ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਂ ਲੁਟੇਰਿਆਂ ਤੋਂ ਪੁੱਛਗਿਛ ਦਾ ਦੌਰ ਲਗਾਤਾਰ ਜਾਰੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ ।