ਪੰਜਾਬ, ਹਰਿਆਣਾ ''ਚ ਤਿੰਨ ਦਿਨਾਂ ''ਚ MSP ''ਤੇ ਇੰਨੇ ਕਰੋੜ ''ਚ ਝੋਨੇ ਦੀ ਖਰੀਦ

09/30/2020 10:09:59 PM

ਨਵੀਂ ਦਿੱਲੀ- ਪੰਜਾਬ ਤੇ ਹਰਿਆਣਾ ਤੋਂ ਪਿਛਲੇ ਤਿੰਨ ਦਿਨਾਂ ਵਿਚ ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਲਗਭਗ 44,809 ਟਨ ਸਾਉਣੀ ਦੀ ਫਸਲ ਝੋਨੇ ਦੀ ਖਰੀਦ ਕੀਤੀ ਹੈ। ਇਸ ਲਈ 84.60 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਖਰੀਦ ਦੇ ਅੰਕੜਿਆਂ ਦੀ ਰੋਜ਼ਾਨਾ ਜਾਣਕਾਰੀ ਦਿੰਦੀ ਹੈ।

ਇਹ ਅੰਕੜੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ  ਕਿਸਾਨਾਂ ਨੂੰ ਸੰਦੇਸ਼ ਦਿੰਦਾ ਹੈ ਕਿ ਸਰਕਾਰ ਐੱਮ. ਐੱਸ. ਪੀ. ਖਰੀਦ ਪ੍ਰਕਿਰਿਆ ਨੂੰ ਜਾਰੀ ਰੱਖ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਨਾਲ-ਨਾਲ ਕਈ ਹੋਰ ਸੂਬਿਆਂ ਦੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਜਿਸ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਖਰੀਦ ਦਾ ਕੰਮ ਕਾਰਪੋਰੇਟ ਹੱਥਾਂ ਵਿਚ ਚਲਾ ਜਾਵੇਗਾ ਅਤੇ ਐੱਮ. ਐੱਸ. ਪੀ. ਦੀ ਵਿਵਸਥਾ ਖਤਮ ਹੋ ਜਾਵੇਗੀ। 

ਸਰਕਾਰ ਮੁਤਾਬਕ, ਪੰਜਾਬ ਤੋਂ 41,303 ਟਨ ਅਤੇ ਹਰਿਆਣਾ ਤੋਂ 3,506 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜੋ ਕਿ ਪਿਛਲੇ 3 ਦਿਨਾਂ ਵਿਚ 29 ਸਤੰਬਰ ਤੱਕ 1,888 ਰੁਪਏ ਪ੍ਰਤੀ ਕੁਇੰਟਲ ਦੇ ਐੱਮ. ਐੱਸ. ਪੀ. ਦਰ 'ਤੇ ਖਰੀਦੀ ਗਈ ਹੈ। ਇਸ ਮਿਆਦ ਵਿਚ ਹਰਿਆਣਾ ਤੇ ਪੰਜਾਬ ਦੇ 2,950 ਕਿਸਾਨਾਂ ਤੋਂ ਐੱਮ. ਐੱਸ. ਪੀ. 'ਤੇ 84.60 ਕਰੋੜ ਰੁਪਏ ਦਾ ਭੁਗਤਾਨ ਕਰ ਕੇ ਕੁੱਲ 44,809 ਟਨ ਝੋਨਾ ਖਰੀਦਿਆ ਗਿਆ ਹੈ। ਪੰਜਾਬ ਤੇ ਹਰਿਆਣਾ ਵਿਚ 26 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਜਦਕਿ 28 ਸਤੰਬਰ ਤੋਂ ਬਾਕੀ ਸੂਬਿਆਂ ਵਿਚ ਇਹ ਖਰੀਦ ਸ਼ੁਰੂ ਹੋਈ। ਚਾਲੂ ਸਾਲ ਲਈ ਸਰਕਾਰ ਨੇ ਝੋਨੇ ਦਾ ਐੱਮ. ਐੱਸ. ਪੀ. (ਆਮ ਗਰੇਡ) 1,868 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਜਦਕਿ ਏ-ਗਰੇਡ ਕਿਸਮ ਲਈ 1,888 ਰੁਪਏ ਪ੍ਰਤੀ ਕੁਇੰਟਲ ਦਾ ਐੱਮ. ਐੱਸ. ਪੀ. ਤੈਅ ਕੀਤਾ ਗਿਆ ਹੈ। 

Sanjeev

This news is Content Editor Sanjeev