ਪਹਿਲਾਂ ਤਲਾਕ ਫਿਰ ਪਿਆਰ, ਕਾਨੂੰਨ ਵੀ ਝੁਕਿਆ

01/17/2019 4:27:33 PM

ਚੰਡੀਗੜ੍ਹ(ਵੈੱਬ ਡੈਸਕ)— ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਤਲਾਕ ਦੇ ਮਾਮਲੇ ਵਿਚ ਮਿਸਾਲੀ ਫੈਸਲਾ ਸੁਣਾਉਂਦਿਆਂ ਆਪਸੀ ਸਹਿਮਤੀ ਨਾਲ ਵੱਖ ਹੋਏ ਪਤੀ-ਪਤਨੀ ਨੂੰ ਮੁੜ ਇਕੱਠਿਆਂ ਵਿਆਹੁਤਾ ਜੀਵਨ ਬਿਤਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਵੱਖ-ਵੱਖ ਰਾਹ ਚੁਣ ਲੈਣ 'ਤੇ ਵੀ ਪਰਤਣ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਅਦਾਲਤੀ ਬੈਂਚ ਨੇ ਇਹ ਫੈਸਲਾ ਸੁਣਾਉਂਦਿਆਂ ਸਿਵਲ ਮਾਮਲਿਆਂ ਦੇ ਜ਼ਾਬਤੇ ਨਾਲ ਸਬੰਧਤ ਇਕ ਕਾਨੂੰਨੀ ਅੜਿੱਕੇ ਨੂੰ ਵੀ ਪਾਰ ਕਰ ਦਿੱਤਾ। ਇਸ ਤਹਿਤ ਅਦਾਲਤ ਉਸ ਫੈਸਲੇ ਵਿਰੁੱਧ ਅਪੀਲ ਦੀ ਸੁਣਵਾਈ ਨਹੀਂ ਕਰ ਸਕਦੀ, ਜਿਸ 'ਤੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਫੈਸਲਾ ਸੁਣਾਇਆ ਗਿਆ ਹੋਵੇ।

ਦੱਸਣਯੋਗ ਹੈ ਕਿ ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਾਦੁਰਗੜ੍ਹ ਵਿਚ ਜੁਲਾਈ, 2014 ਵਿਚ ਇਕ ਜੋੜਾ ਵਿਆਹ ਦੇ ਬੰਧਨ ਵਿਚ ਬੱਝਾ ਸੀ, ਜਿਨ੍ਹਾਂ ਨੇ ਵਿਆਹ ਦੇ 4 ਸਾਲਾਂ ਬਾਅਦ ਸੁਭਾਅ ਦੇ ਵਖਰੇਵੇਂ ਕਾਰਨ ਨਵੰਬਰ 2018 ਵਿਚ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ 'ਤਲਾਕਸ਼ੁਦਾ' ਪਾਇਆ ਤਾਂ ਪਛਤਾਵਾ ਕਰਦਿਆਂ ਉਹ ਸਭ ਕੁੱਝ ਭੁਲਾ ਕੇ ਅਤੇ ਆਪਣੇ ਬੱਚੇ ਦੇ ਭਵਿੱਖ ਲਈ ਦੁਬਾਰਾ ਇਕੱਠੇ ਰਹਿਣ ਲੱਗ ਪਏ। ਪਤਨੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਅਦਾਲਤ ਤੋਂ ਤਲਾਕ ਸਬੰਧੀ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਨੇ ਵੀ ਇਸ ਮਾਮਲੇ ਨੂੰ ਸੁਣਵਾਈ ਦੌਰਾਨ 'ਦਿਲਚਸਪ' ਕਰਾਰ ਦਿੱਤਾ। ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਇਕ ਫੈਸਲੇ ਦੀ ਉਦਾਹਰਣ ਦਿੰਦਿਆਂ ਤਰਕ ਦਿੱਤਾ ਕਿ ਆਪਸੀ ਸਹਿਮਤੀ ਨਾਲ ਸੁਣਾਏ ਫੈਸਲੇ ਵਿਰੁੱਧ ਵੀ ਅਪੀਲ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਅਦਾਲਤੀ ਬੈਂਚ ਨੇ ਜੋੜੇ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਅਤੇ ਤਸੱਲੀ ਹੋਣ 'ਤੇ ਤਲਾਕ ਸਬੰਧੀ ਫੈਸਲੇ ਨੂੰ ਰੱਦ ਕਰ ਦਿੱਤਾ।

cherry

This news is Content Editor cherry