ਪੰਜਾਬ ਦੇ 16 ਜ਼ਿਲਿਆਂ ''ਚ ਨਹੀਂ ਹਨ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ

11/06/2019 1:32:52 PM

ਬਠਿੰਡਾ (ਵੈੱਬ ਡੈਸਕ) : ਉੱਤਰ ਭਾਰਤ ਦੇ ਕਈ ਹਿੱਸਿਆਂ 'ਤੇ ਪ੍ਰਦੂਸ਼ਣ ਸੰਕਟ ਬਣਿਆ ਹੋਇਆ ਹੈ। ਪੰਜਾਬ ਦੇ 16 ਜ਼ਿਲਿਆਂ ਵਿਚ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਨਹੀਂ ਹਨ। ਸੂਬੇ ਵਿਚ ਸਿਰਫ 6 ਜ਼ਿਲਿਆਂ ਦੇ 8 ਸਥਾਨਾਂ 'ਤੇ ਹੀ ਹਵਾ ਗੁਣਵਤਾ ਨਿਗਰਾਨੀ ਸਟੇਸ਼ਨ ਹਨ, ਜਿਸ ਤਹਿਤ ਲੁਧਿਆਣਾ (ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਸ਼ਹਿਰ) ਅਤੇ ਬਠਿੰਡਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਰੂਪਨਗਰ ਵਿਚ ਇਕ-ਇਕ ਹੈ।

ਇਸੇ ਦੌਰਾਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਹਰਿਆਣਾ ਦੇ ਮਾਡਲ ਨੂੰ ਅਪਣਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤਹਿਤ ਇਕ ਵਿਸ਼ਾਲ ਹਵਾ ਗੁਣਵੱਤਾ ਨੈਟਵਰਕ ਸਥਾਪਿਤ ਕੀਤਾ ਜਾਏਗਾ। ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਦੱਸਿਆ ਕਿ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਤੋਂ ਪ੍ਰਦੂਸ਼ਣ ਦੇ ਪੱਧਰ ਦੇ ਅਣਪ੍ਰਮਾਣਿਤ ਅੰਕੜੇ ਮਿਲਣ ਤੋਂ ਬਾਅਦ ਲੋਕ ਡਰ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਿਗਰਾਨੀ ਲਈ ਇਕ ਵਿਆਪਕ ਨੈਟਵਰਕ ਬਣਾਉਣ ਦੀ ਲੌੜ ਹੈ ਪਰ ਫੰਡ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਚੰਗੀ ਨਿਗਰਾਨੀ ਲਈ ਮਾਰਚ ਤੱਕ ਹਵਾ ਗੁਣਵੱਤਾ ਨਿਗਰਾਨ ਸਟੇਸ਼ਨਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਗਰਗ ਨੇ ਅੱਗੇ ਕਿਹਾ ਕਿ ਸੂਬੇ ਵਿਚ ਕੋਈ ਵੀ ਸੰਸਥਾ ਹਵਾ ਗੁਣਵੱਤਾ  ਦੀ ਨਿਗਰਾਨੀ ਦਾ ਕੰਮ ਨਹੀਂ ਕਰ ਰਹੀ ਹੈ। ਕੁੱਝ ਮੁਬਾਇਲ ਫੋਨ ਅਤੇ ਆਨਲਾਈਨ ਪੋਰਟਲ ਅੰਕੜੇ ਜਾਰੀ ਕਰ ਰਹੇ ਹਨ, ਜਿਸ ਦੀ ਵਿਗਿਆਨਕਾਂ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ। ਅਜਿਹੇ ਅੰਕੜੇ ਲੋਕਾਂ ਵਿਚ ਡਰ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਵਾ ਦੀ ਗੁਣਵੱਤਾ ਦੇ ਸਹੀ ਅੰਕੜੇ ਮੁਹੱਈਆ ਕਰਾਉਣ ਲਈ ਕੰਮ ਕਰ ਰਹੇ ਹਾਂ।

ਹਰਿਆਣਾ ਵਿਚ 22 ਜ਼ਿਲਿਆਂ ਦੇ 23 ਸਥਾਨਾਂ 'ਤੇ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਹਨ। ਇਹ ਪਹਿਲਾ ਸੂਬਾ ਹੈ, ਜਿੱਥੇ ਇਹ ਨੈਟਵਰਕ ਸਥਾਪਤ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਐੈੱਚ.ਐੈੱਸ.ਪੀ.ਸੀ.ਬੀ.) ਆਪਣੀ ਵੈਬਸਾਈਟ ਅਤੇ ਮੋਬਾਇਲ ਫੋਨ ਐਪਲੀਕੇਸ਼ਨ 'ਤੇ ਹਵਾ ਦੀ ਗੁਣਵੱਤਾ ਸਬੰਧੀ ਸਹੀ ਅੰਕੜੇ ਜਾਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਜਨਤਕ ਥਾਵਾਂ 'ਤੇ ਹਵਾ ਗੁਣਵੱਤਾ ਦਿਖਾਉਣ ਵਾਲੇ ਡਿਜ਼ੀਟਲ ਡਿਸਪਲੇਅ ਬੋਰਡ ਲਗਾਏ ਗਏ ਹਨ।

ਗਰਗ ਨੇ ਕਿਹਾ, ਉਨ੍ਹਾਂ ਵੱਲੋਂ ਸਾਰੇ ਜ਼ਿਲਾ ਹੈੱਡਕੁਆਰਟਰਾਂ ਅਤੇ ਹੋਰਨਾਂ ਸਟੇਸ਼ਨਾਂ 'ਤੇ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ (ਸੀ.ਏ.ਏ.ਕਿਯੂ.ਐੈੱਮ.ਐੈੱਸ) ਸਥਾਪਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿਚ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੀ 24 ਘੰਟਾਂ ਦੀ ਪ੍ਰਦੂਸ਼ਣ ਨਿਗਰਾਨੀ ਸ਼ਾਮਲ ਹੈ।

cherry

This news is Content Editor cherry