ਅੱਜ ਰੋਸ ਵਜੋਂ ਬੰਦ ਰਹਿਣਗੇ ਪੰਜਾਬ ਦੇ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ

08/20/2018 1:36:14 AM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਮਨਦੀਪ)– ਸਰਕਾਰੀ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਇਕਾਈ ਦੀ ਮੀਟਿੰਗ ਪੈਰਾ ਮੈਡੀਕਲ ਯੂਨੀਅਨ ਦੇ ਪੰਜਾਬ ਪ੍ਰਧਾਨ ਐਲਵਿਨ ਭੱਟੀ ਦੀ ਅਗਵਾਈ ’ਚ ਹੋਈ, ਜਿਸ ਦੌਰਾਨ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ-ਚਰਚਾ ਹੋਈ। ਡਰੱਗ ਡੀ-ਐਡੀਕਸ਼ਨ ਸੈਂਟਰ ਦੇ ਜ਼ਿਲਾ ਪ੍ਰਧਾਨ ਕਰਨਜੀਤ ਸਿੰਘ, ਕਲਾਸ ਫੋਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਮ ਪ੍ਰਸਾਦ ਛੋਟੂ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਭਰਤੀ ਕੀਤੇ  4-4 ਸਾਲ ਹੋ ਗਏ ਹਨ, ਨਾ ਤਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਤੇ ਨਾ ਹੀ ਤਨਖਾਹਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ 10 ਜੁਲਾਈ ਨੂੰ ਚੰਡੀਗਡ਼੍ਹ ਵਿਖੇ ਪ੍ਰੋਟੈਸਟ ਕੀਤਾ ਗਿਆ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸਿੰਘ ਬਰਾਡ਼ ਨੇ ਮੰਗ-ਪੱਤਰ ਲੈਂਦੇ ਹੋਏ ਮੁੱਖ ਮੰਤਰੀ ਨਾਲ ਜਲਦ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਇਸ ਭਰੋਸੇ ’ਤੇ ਕੋਈ ਕਾਰਵਾਈ ਨਹੀਂ ਹੋਈ। 
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਲਾਪ੍ਰਵਾਹ ਰਵੱਈਏ ਦੇ ਰੋਸ ਵਜੋਂ 20 ਅਗਸਤ ਨੂੰ ਪੰਜਾਬ ਦੇ ਸਾਰੇ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ  ਬੰਦ ਰਹਿਣਗੇ। ਜੇਕਰ ਇਸ ਹਡ਼ਤਾਲ ਨਾਲ ਵੀ ਸਰਕਾਰ ਦੀ ਨੀਂਦ ਨਾ ਖੁੱਲ੍ਹੀ ਤਾਂ ਭਵਿੱਖ ’ਚ ਅਣਮਿੱਥੇ ਸਮੇਂ ਲਈ ਹਡ਼ਤਾਲ ਕੀਤੀ ਜਾਵੇਗੀ। 
ਇਸ ਮੌਕੇ ਜਸਵਿੰਦਰ ਸਿੰਘ, ਰਮਨਦੀਪ ਕੌਰ, ਰੋਬਿਨ, ਦੀਪਕ, ਵਿਕਾਸ ਸਾਹਨੀ, ਗੁਰਮੇਲ ਸਿੰਘ, ਰਾਜਵੀਰ ਸਿੰਘ, ਸੁਮਿਤ ਆਦਿ ਮੌਜੂਦ ਸਨ।