ਪੰਜਾਬ ਸਮੇਤ ਇਨ੍ਹਾਂ ਸ਼ਹਿਰਾਂ ''ਚ ਜ਼ਹਿਰੀਲੀ ਹਵਾ ''ਚ ਸਾਹ ਲੈ ਰਹੇ ਨੇ ਲੋਕ

04/26/2018 1:21:27 AM

ਨਵੀਂ ਦਿੱਲੀ— ਦੇਸ਼ ਦੇ 94 ਸ਼ਹਿਰਾਂ ਦੇ ਲੋਕ ਜ਼ਹਿਰੀਲੀ ਹਵਾ 'ਚ ਸਾਹ ਲੈ ਰਹੇ ਹਨ। ਮਹਾਰਾਸ਼ਟਰ, ਉਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਝੇਲ ਰਹੇ ਹਨ। ਪੰਜ ਸਾਲ ਦੇ ਆਕਲਨ ਦੇ ਆਧਾਰ 'ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਵਲੋਂ ਤਿਆਰ ਕੀਤੀ ਗਈ ਰਿਪੋਰਟ 'ਚ ਇਹ ਤੱਥ ਸਾਹਮਣੇ ਆਇਆ ਹੈ। ਰਿਪੋਰਟ ਨੂੰ ਹਾਲ ਹੀ 'ਚ ਸੰਪਨ ਸੰਸਦ ਸੈਸ਼ਨ 'ਚ ਇਕ ਸਵਾਲ ਦੇ ਜਵਾਬ 'ਚ ਪੇਸ਼ ਕੀਤਾ ਗਿਆ ਸੀ। ਇਸ ਰਿਪੋਰਟ ਦੇ ਆਧਾਰ 'ਤੇ ਹੀ ਇਨ੍ਹਾਂ ਸ਼ਹਿਰਾਂ 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਖਰਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨੈਸ਼ਨਲ ਏਅਰ ਕਵਾਲਿਟੀ ਸਟੈਂਡਰਡ 'ਤੇ ਖੜਾ ਨਹੀਂ ਉਤਰਨ ਵਾਲਾ ਹਰ ਤੀਜਾ ਸ਼ਹਿਰ ਦੇਸ਼ ਦੇ 2 ਵੱਡੇ ਸੂਬਿਆਂ ਮਹਾਰਾਸ਼ਟਰ ਅਤੇ ਉਤਰ ਪ੍ਰਦੇਸ਼ ਤੋਂ ਹੈ। 2011 ਤੋਂ 2015 ਵਿਚਾਲੇ ਦਾ ਇਹ ਆਕਲਨ ਦੱਸਿਆ ਗਿਆ ਹੈ ਕਿ ਇਨ੍ਹਾਂ ਸ਼ਹਿਰਾਂ 'ਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਸਭ ਤੋਂ ਵੱਧ ਮੌਤਾਂ ਵੀ ਹੋਈਆਂ ਹਨ। ਇਸ ਰਿਪੋਰਟ ਮੁਤਾਬਕ 94 ਸ਼ਹਿਰਾਂ 'ਚੋਂ 17 ਸ਼ਹਿਰ ਇਕੱਲੇ ਮਹਾਰਾਸ਼ਟਰ ਦੇ ਹਨ।
ਦੂਜੇ ਨੰਬਰ 'ਤੇ 15 ਸ਼ਹਿਰ ਉਤਰ ਪ੍ਰਦੇਸ਼, 8 ਸ਼ਹਿਰ ਪੰਜਾਬ ਅਤੇ 7 ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਹਨ। ਇਸ ਰਿਪੋਰਟ 'ਚ ਦਿੱਲੀ-ਐੱਨ. ਸੀ. ਆਰ. ਦੇ ਸ਼ਹਿਰ ਵੀ ਸ਼ਾਮਲ ਹਨ। ਦੇਸ਼ 'ਚ 2015 'ਚ 10.3 ਮਿਲੀਅਨ (ਇਕ ਕਰੋੜ ਤਿੰਨ ਲੱਖ) ਮੌਤਾਂ 'ਚੋਂ 2.5 ਮਿਲੀਅਨ (25 ਲੱਖ) ਮੌਤਾਂ ਗੈਰ ਸੰਕਰਮਣ ਬੀਮਾਰੀਆਂ ਨਾਲ ਹੋਈਆਂ ਸਨ, ਜੋ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ। ਪ੍ਰਦੂਸ਼ਣ ਦੀ ਵਜ੍ਹਾ ਨਾਲ ਕੈਂਸਰ ਅਤੇ ਸ਼ੂਗਰ ਦੇ ਮਰੀਜ਼ ਵਧ ਰਹੇ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ 27 ਫੀਸਦੀ ਭਾਰਤੀਆਂ ਦੀ ਮੌਤ ਦੀ ਵਜ੍ਹਾ ਪ੍ਰਦੂਸ਼ਣ ਨਾਲ ਜੁੜੀ ਹੋਈ ਹੈ।