ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਲੱਗੀ ਕਾਂਗਰਸ : ਮਜੀਠੀਆ

09/18/2018 10:55:40 AM

ਅੰਮ੍ਰਿਤਸਰ/ਕੱਥੂਨੰਗਲ/ਮਜੀਠਾ(ਛੀਨਾ/ਕੰਬੋ/ਪ੍ਰਿਥੀਪਾਲ)— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕਾਂਗਰਸੀ ਆਗੂਆਂ ਵਲੋਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਪ੍ਰਤੀ ਖੇਡੀ ਜਾ ਰਹੀ ਸਾਜ਼ਿਸ਼ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਾਂਗਰਸ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।

ਸੋਮਵਾਰ ਨੂੰ ਸੋਹੀਆਂ ਕਲਾਂ ਤੇ ਕੱਥੂਨੰਗਲ ਦੀ ਵਿਸ਼ਾਲ ਰੈਲੀ 'ਚ ਲੋਕਾਂ ਦਾ ਭਾਰੀ ਉਤਸ਼ਾਹ ਦੇਖ ਗਦਗਦ ਹੋਏ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੀ ਝੰਡੀ ਉੱਚੀ ਰਹੇ ਇਹ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ  ਕਾਰਨ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਤਰਾ ਹੋਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਅਗਾਊਂ ਸੁਚੇਤ ਕੀਤਾ ਗਿਆ ਸੀ ਪਰ ਕਾਂਗਰਸ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਨਤੀਜਾ ਮਕਸੂਦਾਂ ਥਾਣੇ 'ਚ ਵਾਪਰੀ ਘਟਨਾ ਸਭ ਦੇ ਸਾਹਮਣੇ ਹੈ। ਮਜੀਠੀਆ ਨੇ ਕਿਹਾ ਕਿ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ 2020 ਵਾਲੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਬੇਨਕਾਬ ਹੋ ਚੁੱਕੇ ਹਨ ਅਤੇ ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁੱਖੀ ਰੰਧਾਵਾ ਅਤੇ ਬਾਜਵਿਆਂ ਨਾਲ ਸਬੰਧ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਰਿਹਾ ਜਿਸ ਬਾਰੇ ਵਿਸਥਾਰ ਨਾਲ ਸਿਮਰਨਜੀਤ ਸਿੰਘ ਮਾਨ ਖੁਦ ਸੰਗਤ ਨੂੰ ਦੱਸ ਚੁੱਕੇ ਹਨ। ਉਨ੍ਹਾਂ ਦਾਦੂਵਾਲ ਦੇ ਖਾਤੇ 'ਚ 16 ਕਰੋੜ ਰੁਪਏ ਅਤੇ ਮਹਿੰਗੀਆਂ ਗੱਡੀਆਂ ਰੱਖਣ ਬਾਰੇ ਸਵਾਲ ਉਠਾਇਆ ਅਤੇ ਧਿਆਨ ਸਿੰਘ ਮੰਡ ਵਲੋਂ 50 ਲੱਖ ਰੁਪਏ ਦੀ ਹਾਲ ਹੀ ਵਿਚ ਖਰੀਦ ਕੀਤੀ ਗਈ ਜ਼ਮੀਨ ਬਾਰੇ ਸਵਾਲ ਉਠਾਏ।

ਉਨ੍ਹਾਂ ਕਿਹਾ ਕਿ ਕਾਂਗਰਸ ਉਕਤ ਲੋਕਾਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਕਦੀ ਵੀ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਫਰੀਦਕੋਟ ਰੈਲੀ 'ਚ ਵਿਘਨ ਪਾਉਣ ਲਈ ਸਰਕਾਰ ਨੇ ਸਿਮਰਨਜੀਤ ਸਿੰਘ ਮਾਨ ਅਤੇ ਦਾਦੂਵਾਲ ਦੀਆਂ ਸੇਵਾਵਾਂ ਲਈਆਂ ਪਰ ਉਨ੍ਹਾਂ ਨੂੰ ਲੋਕਾਂ ਤੋਂ ਮੂੰਹ ਦੀ ਖਾਣੀ ਪਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਰੈਲੀ 'ਤੇ ਪਾਬੰਦੀ ਲਾ ਕੇ ਇੰਦਰਾ ਗਾਂਧੀ ਵਾਲੀ ਐਮਰਜੈਂਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹਾਈ ਕੋਰਟ ਨੇ ਨਾਕਾਰਦਿਆਂ ਕਾਂਗਰਸ ਨੂੰ ਕਰਾਰੀ ਚਪੇੜ ਮਾਰੀ ਹੈ।

ਇਸ ਸਮੇਂ ਰਾਜਮਹਿੰਦਰ ਸਿੰਘ ਮਜੀਠਾ, ਓ. ਐੱਸ. ਡੀ. ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਜਥੇਦਾਰ ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਪੱਪੂ ਕੋਟਲਾ, ਸਰਬਜੀਤ ਸਿੰਘ ਸਪਾਰੀਵਿੰਡ, ਯੋਧ ਸਿੰਘ ਸਮਰਾ, ਬਲਬੀਰ ਸਿੰਘ ਚੰਦੀ, ਅਮਰਦੀਪ ਸਿੰਘ ਸੋਹਲ, ਗਗਨਦੀਪ ਸਿੰਘ ਭਕਨਾ, ਰਾਕੇਸ਼ ਪ੍ਰਾਸ਼ਰ, ਬੱਬੀ ਭੰਗਵਾਂ, ਸਲਵੰਤ ਸੇਠ, ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿੱਲ, ਜੈਲ ਸਿੰਘ ਗੋਪਾਲਪੁਰਾ, ਭਗਵੰਤ ਸਿੰਘ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਰੇਸ਼ਮ ਸਿੰਘ ਭੁੱਲਰ, ਅਮਨਦੀਪ ਕੁਮਾਰ ਦੀਪੂ ਜੈਂਤੀਪੁਰ, ਬਾਬਾ ਰਾਮ ਸਿੰਘ ਅਬਦਾਲ, ਗੁਰਵੇਲ ਸਿੰਘ ਅਲਕੜੇ, ਸਰਪੰਚ ਮਲੂਕ ਸਿੰਘ ਫੱਤੂਭੀਲਾ, ਬਲਵਿੰਦਰ ਸਿੰਘ ਕੈਰੋਂਨੰਗਲ, ਮੈਨੇਜਰ ਸਰੂਪ ਸਿੰਘ ਢੱਡੇ, ਮੈਨੇਜਰ ਜਸਪਾਲ ਸਿੰਘ ਢੱਡੇ, ਲਖਬੀਰ ਸਿੰਘ ਤਤਲਾ, ਮਨਦੀਪ ਸਿੰਘ ਸਹਿਜਾਦਾ, ਸਰਪੰਚ ਜਤਿੰਦਰ ਸਿੰਘ ਤਲਵੰਡੀ, ਹੈਪੀ ਮਾਨ, ਸਰਪੰਚ ਹਰਜਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ ਸਮੇਤ ਸੈਂਕੜੇ ਪੰਚ-ਸਰਪੰਚ ਵੀ ਮੌਜੂਦ ਸਨ।