ਪੰਜਾਬ ''ਚ 5 ਨਵੇਂ ਮੈਡੀਕਲ ਕਾਲਜ ਖੋਲ੍ਹਣ ਲਈ ਪ੍ਰਕਿਰਿਆ ਸ਼ੁਰੂ

11/10/2017 12:01:39 PM

ਅੰਮ੍ਰਿਤਸਰ (ਬਿਊਰੋ) - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ 'ਚ 5 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ ਮੋਹਾਲੀ ਵਿਚ ਛੇਤੀ ਹੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਪੰਜਾਬ ਵਿਚ 60 ਸਾਲ ਦੇ ਅਰਸੇ ਬਾਅਦ ਬਣਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ। ਅੱਜ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿਊਟ ਦਾ ਨੀਂਹ ਪੱਥਰ ਤੇ ਗੁਰੂ ਨਾਨਕ ਹਸਪਤਾਲ ਦੇ ਪ੍ਰਬੰਧਕੀ ਬਲਾਕ ਅਤੇ ਅਤਿ-ਆਧੁਨਿਕ ਆਡੀਟੋਰੀਅਮ ਦਾ ਉਦਘਾਟਨ ਕਰਨ ਮਗਰੋਂ ਡਾਕਟਰਾਂ ਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਪ੍ਰੋਫੈਸਰਾਂ ਦੀਆਂ ਸਾਰੀਆਂ ਸੀਟਾਂ ਛੇਤੀ ਪੁਰ ਕੀਤੀਆਂ ਜਾਣਗੀਆਂ ਅਤੇ ਇਸ ਲਈ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਪ੍ਰੋਫੈਸਰਾਂ ਦੇ ਤਨਖਾਹ ਸਕੇਲ ਵੀ ਸੋਧੇ ਜਾਣਗੇ ਤਾਂ ਜੋ ਉਹ ਸਰਕਾਰੀ ਨੌਕਰੀ ਵੱਲ ਆਕਰਸ਼ਿਤ ਹੋਣ।
ਇਸ ਮੌਕੇ ਉਨ੍ਹਾਂ ਮੈਡੀਕਲ ਕਾਲਜ ਕੰਪਲੈਕਸ ਵਿਚ ਚੱਲ ਰਹੇ ਇਮਾਰਤੀ ਕੰਮਾਂ ਲਈ 70 ਕਰੋੜ ਰੁਪਏ ਦੇਣ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਪਲੈਕਸ ਨੂੰ ਵਾਈ-ਫਾਈ ਕਰਨ ਦਾ ਐਲਾਨ ਵੀ ਕੀਤਾ। 70 ਕਰੋੜ ਰੁਪਏ ਦੀ ਐਲਾਨੀ ਰਾਸ਼ੀ 'ਚੋਂ ਬ੍ਰਹਮ ਮਹਿੰਦਰਾ ਨੇ 32 ਕਰੋੜ ਰੁਪਏ ਚੱਲ ਰਹੇ ਵਿੱਤੀ ਵਰ੍ਹੇ ਲਈ ਜਾਰੀ ਵੀ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿਊਟ 'ਤੇ 115 ਕਰੋੜ ਦੀ ਲਾਗਤ ਆਵੇਗੀ ਤੇ ਇਸ ਵਿਚ ਕੈਂਸਰ ਦੇ ਮਰੀਜ਼ਾਂ ਲਈ 150 ਬੈੱਡ ਦਾ ਹਸਪਤਾਲ ਬਣੇਗਾ, ਜਿਥੇ ਰੇਡੀਓ ਥੈਰੇਪੀ ਦੇ ਅਤਿ-ਆਧੁਨਿਕ ਉਪਕਰਨ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਿਹਤ ਸਹੂਲਤਾਂ ਵਿਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਸਪਤਾਲਾਂ ਲਈ ਫੰਡ ਜਾਰੀ ਕਰਨ ਦੇ ਨਾਲ-ਨਾਲ ਇਥੇ ਕੰਮ ਕਰਨ ਵਾਲੇ ਅਮਲੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸੰਬੋਧਨ 'ਚ ਕੈਂਸਰ ਇੰਸਟੀਚਿਊਟ ਲਈ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਮੈਡਕਲ ਕਾਲਜ ਤੇਜਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜੁਗਲ ਕਿਸ਼ੋਰ, ਪੁਨੀਤ ਗਿਰਧਰ, ਸਿਵਲ ਸਰਜਨ ਸ਼੍ਰੀਮਤੀ ਨਰਿੰਦਰ ਕੌਰ, ਡਾ. ਕੇ. ਡੀ. ਸਿੰਘ, ਡਾ. ਰਾਮ ਸਰੂਪ, ਕ੍ਰਿਸ਼ਨ ਕੁਮਾਰ ਕੁੱਕੂ, ਪ੍ਰਿੰ. ਜੀਵਨ ਲਤਾ, ਪਾਲ ਸਿੰਘ ਬਮਰਾਹ ਕਨਵੀਨਰ ਓ. ਬੀ. ਸੀ. ਸੈੱਲ, ਡਾ. ਰੋਹਿਤ ਪੁਰੀ ਤੇ ਹੋਰ ਹਸਤੀਆਂ ਵੀ ਹਾਜ਼ਰ ਸਨ।