ਹੁਣ ਜ਼ਿਮਨੀ ਚੋਣਾਂ ਦੌਰਾਨ ਉਤਰੇਗਾ ਸਿਆਸੀ ਪਾਰਟੀਆਂ ਦੇ ਚਿਹਰਿਆਂ ਤੋਂ ਪਰਦਾ

05/31/2019 11:00:04 AM

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ 'ਚ ਲੋਕ ਸਭਾ ਚੋਣਾਂ ਦਾ ਰੌਲਾ-ਰੱਪਾ ਖਤਮ ਹੋਣ ਦੇ ਬਾਅਦ ਹੁਣ ਬੇਸ਼ੱਕ ਤਿੰਨਾਂ ਪਾਰਟੀਆਂ ਦੀ ਮੌਜੂਦਾ ਸਿਆਸੀ ਸਥਿਤੀ ਤੋਂ ਪਰਦਾ ਉੱਠ ਗਿਆ ਹੈ ਅਤੇ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕਿਹੜੀ ਪਾਰਟੀ ਕਿੰਨੇ ਪਾਣੀ 'ਚ ਹੈ ਪਰ ਇਨ੍ਹਾਂ ਚੋਣਾਂ ਕਾਰਨ ਪੰਜਾਬ ਅੰਦਰ ਵਿਧਾਇਕਾਂ ਤੋਂ ਸੱਖਣੇ ਹੋਏ ਕਈ ਹਲਕਿਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਦਿੱਤੇ ਗਏ ਅਸਤੀਫਿਆਂ ਕਾਰਨ ਪੰਜਾਬ ਦੇ ਲੋਕਾਂ 'ਤੇ ਮੁੜ ਚੋਣਾਂ ਦਾ ਬੋਝ ਪਵੇਗਾ, ਕਿਉਂਕਿ ਖਾਲੀ ਹੋਏ ਹਲਕਿਆਂ 'ਚ ਚੋਣ ਕਮਿਸ਼ਨ ਵਲੋਂ 6 ਮਹੀਨਿਆਂ ਦੇ ਅੰਦਰ-ਅੰਦਰ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਦੇ ਕਾਰਨ ਪੰਜਾਬ ਇਕ ਵਾਰ ਫਿਰ ਚੋਣਾਂ ਦਾ ਅਖਾੜਾ ਤਾਂ ਬਣੇਗਾ ਹੀ ਪਰ ਇਨ੍ਹਾਂ ਚੋਣਾਂ ਨਾਲ ਸਿਆਸੀ ਪਾਰਟੀਆਂ ਦੇ ਵੋਟ ਬੈਂਕ 'ਚ ਹੋਏ ਵਾਧੇ-ਘਾਟੇ ਸਬੰਧੀ ਸਾਰੇ ਭਰਮ-ਭੁਲੇਖੇ ਸਹੀ ਮਾਇਨਿਆਂ 'ਚ ਦੂਰ ਹੋਣਗੇ। ਖਾਸ ਤੌਰ 'ਤੇ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਦੇ ਚਿਹਰਿਆਂ ਤੋਂ ਇਕ ਵਾਰ ਪਰਦਾ ਚੁੱਕ ਕੇ ਇਹ ਸਪੱਸ਼ਟ ਕਰਨਗੇ ਕਿ ਇਨ੍ਹਾਂ ਪਾਰਟੀਆਂ ਪ੍ਰਤੀ ਲੋਕਾਂ ਦੇ ਦਿਲਾਂ 'ਚ ਕੀ ਸਥਾਨ ਹੈ। ਇਸ ਤੋਂ ਪਹਿਲਾਂ ਭਾਵੇਂ ਪੰਜਾਬ ਦੇ ਵੋਟਰਾਂ ਨੇ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਵੀ ਪੰਜਾਬ ਅੰਦਰ ਕਾਂਗਰਸ ਨੂੰ 8, ਅਕਾਲੀ ਦਲ ਨੂੰ 2 ਅਤੇ ਭਾਜਪਾ ਨੂੰ 2 ਸੀਟਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ 1 ਸੀਟ ਦੇ ਕੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਅੰਦਰ ਸਿਆਸੀ ਪਾਰਟੀਆਂ ਦੇ ਲੋਕਲ ਮੁੱਦੇ ਹਾਵੀ ਰਹਿਣ ਦੀ ਬਜਾਏ ਕੇਂਦਰ ਨਾਲ ਜੁੜੇ ਮੁੱਦੇ ਜ਼ਿਆਦਾ ਚਰਚਾ ਵਿਚ ਸਨ, ਜਿਨ੍ਹਾਂ ਦੇ ਨਾਲ-ਨਾਲ ਮੋਦੀ ਲਹਿਰ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਕੀਤੇ ਗਏ ਵੱਡੇ ਵਾਅਦੇ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿਚ ਕਾਫੀ ਅਸਰਦਾਰ ਮੰਨੇ ਜਾ ਰਹੇ ਹਨ। ਹੋਰ ਤੇ ਹੋਰ ਕਈ ਇਲਾਕਿਆਂ 'ਚ ਵੋਟਰਾਂ ਨੇ ਵੋਟ ਪਾਉਣ ਮੌਕੇ ਸਬੰਧਤ ਉਮੀਦਵਾਰਾਂ ਦੇ ਨਿੱਜੀ ਪ੍ਰਭਾਵ ਅਤੇ ਕੰਮ ਕਰਨ ਦੀ ਸ਼ੈਲੀ ਨੂੰ ਧਿਆਨ 'ਚ ਰੱਖ ਕੇ ਵੋਟ ਪਾਈ ਹੈ, ਜਿਸ ਕਾਰਨ ਇਸ ਜਿੱਤ-ਹਾਰ ਨਾਲ ਅਜੇ ਵੀ ਪੰਜਾਬ ਵਿਚ ਸਿਆਸੀ ਪਾਰਟੀਆਂ ਦੇ ਵੋਟ ਬੈਂਕ ਸਬੰਧੀ ਕਈ ਭੰਬਲਭੂਸੇ ਬਰਕਰਾਰ ਹਨ।

ਕਿਥੇ-ਕਿੱਥੇ ਹੋਣਗੀਆਂ ਜ਼ਿਮਨੀ ਚੋਣਾਂ
ਇਸ ਵਾਰ ਜਲਾਲਾਬਾਦ ਤੋਂ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਬਣ ਗਏ ਹਨ, ਜਦੋਂ ਕਿ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਸਾਂਸਦ ਚੁਣੇ ਗਏ ਹਨ। ਅਜਿਹੀ ਸਥਿਤੀ ਵਿਚ ਜਿਥੇ ਇਨ੍ਹਾਂ ਦੋਵਾਂ ਹਲਕਿਆਂ 'ਚ ਜ਼ਿਮਨੀ ਚੋਣ ਹੋਣੀ ਤੈਅ ਹੈ, ਉਥੇ ਇਹ ਚੋਣ ਲੜਨ ਤੋਂ ਪਹਿਲਾਂ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਜੈਤੋ ਨੇ ਵੀ ਅਸਤੀਫੇ ਦੇ ਦਿੱਤੇ ਸਨ। ਇਹ ਦੋਵੇਂ ਵਿਧਾਇਕ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਸਨ, ਜਿਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਬਣਾ ਕੇ ਪੀ. ਡੀ. ਏ. ਵੱਲੋਂ ਚੋਣ ਲੜਨ ਤੋਂ ਪਹਿਲਾਂ ਅਸਤੀਫੇ ਦਿੱਤੇ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਵਿਧਾਇਕ ਅਤੇ ਉੱਘੇ ਵਕੀਲ ਐੱਚ. ਐੱਸ. ਫੂਲਕਾ ਵੀ ਕਾਫੀ ਸਮਾਂ ਪਹਿਲਾਂ ਅਸਤੀਫਾ ਦੇ ਚੁੱਕੇ ਹਨ, ਜਿਨ੍ਹਾਂ ਦਾ ਅਸਤੀਫਾ ਅਜੇ ਤੱਕ ਪ੍ਰਵਾਨ ਨਹੀਂ ਹੋਇਆ। ਜੇਕਰ ਇਹ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਇਸ ਹਲਕੇ ਅੰਦਰ ਵੀ ਜ਼ਿਮਨੀ ਚੋਣ ਹੋਣੀ ਯਕੀਨੀ ਹੋਵੇਗੀ। ਚੋਣਾਂ ਦੇ ਮਾਹੌਲ 'ਚ ਹੀ ਆਮ ਆਦਮੀ ਪਾਰਟੀ ਦੇ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਾਸ਼ਾਹੀਆ ਨੇ ਵੀ ਅਸਤੀਫੇ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਅਸਤੀਫੇ ਕਦੋਂ ਪ੍ਰਵਾਨ ਕੀਤੇ ਜਾਂਦੇ ਹਨ, ਜਿਸ ਦੇ ਬਾਅਦ ਪੰਜਾਬ ਅੰਦਰ ਜ਼ਿਮਨੀ ਚੋਣਾਂ ਹੋਣ ਦਾ ਰਾਹ ਪੱਧਰਾ ਹੋਵੇਗਾ।

ਵੱਡੇ ਸਿਆਸੀ ਯੁੱਧ ਤੋਂ ਘੱਟ ਨਹੀਂ ਹੋਣਗੀਆਂ ਜ਼ਿਮਨੀ ਚੋਣਾਂ
ਇਹ ਜ਼ਿਮਨੀ ਚੋਣਾਂ ਪੰਜਾਬ ਅੰਦਰ ਵੱਡੇ ਸਿਆਸੀ ਯੁੱਧ ਤੋਂ ਘੱਟ ਨਹੀਂ ਹੋਣਗੀਆਂ, ਕਿਉਂਕਿ ਸਾਰੀਆਂ ਪਾਰਟੀਆਂ ਲਈ ਇਹ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਹੱਕ ਵਿਚ ਹਵਾ ਬਣਾਉਣ ਦਾ ਸਾਧਨ ਹੋਣਗੀਆਂ। ਕਾਂਗਰਸ ਕੋਲ ਪਹਿਲਾਂ ਵੀ ਸਪੱਸ਼ਟ ਅਤੇ ਵੱਡਾ ਬਹੁਮਤ ਹੋਣ ਕਾਰਨ ਬੇਸ਼ੱਕ ਇਨਾਂ 7 ਹਲਕਿਆਂ ਦੀ ਜਿੱਤ-ਹਾਰ ਸਰਕਾਰ 'ਤੇ ਤਾਂ ਕੋਈ ਅਸਰ ਨਹੀਂ ਪਾਵੇਗੀ ਪਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਜਿਹੜੀ ਪਾਰਟੀ ਇਨਾਂ ਚੋਣਾਂ 'ਚ ਪੱਛੜ ਗਈ, ਉਸ ਨੂੰ ਮੁੜ ਅਗਲੀਆਂ ਚੋਣਾਂ ਤੱਕ ਪੈਰਾਂ 'ਤੇ ਆਉਣ ਲਈ ਸਖਤ ਮਿਹਨਤ ਕਰਨੀ ਪਵੇਗੀ। ਖਾਸ ਤੌਰ 'ਤੇ ਪੰਜਾਬ ਅੰਦਰ ਬਾਦਲ ਪਰਿਵਾਰ ਨਾਲ ਸਬੰਧਤ ਉਮੀਦਵਾਰਾਂ ਦੀਆਂ ਹੀ 2 ਸੀਟਾਂ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਵੱਡੇ ਇਮਤਿਹਾਨ ਤੋਂ ਘੱਟ ਨਹੀਂ ਹੋਣਗੀਆਂ, ਕਿਉਂਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਪੰਜਾਬ ਅੰਦਰ ਸਿਰਫ 2 ਲੋਕ ਸਭਾ ਹਲਕਿਆਂ 'ਚ ਜਿੱਤ ਨਸੀਬ ਹੋਈ ਹੈ ਜਦੋਂ ਕਿ ਬਾਕੀ ਦੇ ਹਲਕਿਆਂ 'ਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਹੋਰ ਤੇ ਹੋਰ ਆਮ ਆਦਮੀ ਪਾਰਟੀ ਲਈ ਤਾਂ ਇਹ ਚੋਣਾਂ ਹੋਂਦ ਬਚਾਉਣ ਤੋਂ ਘੱਟ ਨਹੀਂ ਹੋਣਗੀਆਂ, ਕਿਉਂਕਿ ਲੋਕ ਸਭਾ ਚੋਣਾਂ 'ਚ ਇਸ ਪਾਰਟੀ ਨੂੰ ਸਿਰਫ ਇਕ ਲੋਕ ਸਭਾ ਹਲਕੇ ਦੀ ਜਿੱਤ ਮਿਲੀ ਹੈ ਜਦੋਂ ਕਿ ਬਾਕੇ ਦੇ ਹਲਕਿਆਂ 'ਚ ਪਾਰਟੀ ਦੇ ਉਮੀਦਵਾਰ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਅਤੇ ਉਨਾਂ ਦੇ ਸਾਥੀਆਂ ਨੂੰ ਇਸ ਵਾਰ ਲੋਕਾਂ ਨੇ ਸਮਰਥਨ ਨਹੀਂ ਦਿੱਤਾ, ਜਿਸ ਦੇ ਬਾਅਦ ਜ਼ਿਮਨੀ ਚੋਣ ਦੌਰਾਨ ਉਹ ਮੁੜ ਕੋਸ਼ਿਸ਼ ਕਰ ਕੇ ਦੇਖਣਗੇ। ਲੋਕ ਇਨਸਾਫ ਪਾਰਟੀ ਨੂੰ ਆਪਣੀ ਮਜ਼ਬੂਤ ਪਕੜ ਵਾਲੇ ਹਲਕੇ ਦਾਖਾ 'ਚ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਦੁਬਾਰਾ ਮਿਲ ਸਕਦਾ ਹੈ। ਜਿਸ ਸਬੰਧੀ ਬਾਕਾਇਦਾ ਬੈਂਸ ਭਰਾਵਾਂ ਨੇ ਸਬੰਧਿਤ ਹਲਕਿਆਂ 'ਚ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ।

ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਜਿੱਤੇ ਵਿਧਾਨ ਸਭਾ ਹਲਕਿਆਂ ਦੇ ਵੇਰਵੇ

ਪਾਰਟੀ 2019 2017
ਕਾਂਗਰਸ 69 77
ਅਕਾਲੀ ਦਲ 21 15
ਭਾਜਪਾ 14 03
ਆਪ 07 20
ਬਸਪਾ 02 00
ਲੋਕ ਇਨਸਾਫ ਪਾਰਟੀ 04 02




 

Baljeet Kaur

This news is Content Editor Baljeet Kaur