ਪੰਜਾਬ ''ਚ ਸਰਕਾਰੀ ਕਣਕ ਦੀ ਵੰਡ ਸਬੰਧੀ ਸਾਹਮਣੇ ਆਇਆ ਫਰਜ਼ੀਵਾੜਾ

10/01/2018 11:41:32 AM

ਲੁਧਿਆਣਾ (ਖੁਰਾਣਾ) : ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਸੂਬੇ 'ਚ ਉਤਾਰੀ ਗਈ ਈ-ਪਾਸ਼ ਕਣਕ ਵੰਡ ਪ੍ਰਣਾਲੀ ਮਸ਼ੀਨ ਨੇ ਇਕ ਹੀ ਝਟਕੇ 'ਚ 55 ਲੱਖ ਦੇ ਕਰੀਬ ਨੀਲੇ ਕਾਰਡ ਧਾਰਕਾਂ ਨੂੰ ਯੋਜਨਾ ਤੋਂ ਅੱਲਗ ਕਰਨ ਦੇ ਸੰਕੇਤ ਦੇ ਦਿੱਤੇ ਹਨ। ਇਸ ਫਰਜ਼ੀਵਾੜੇ ਦਾ ਮੁੱਖ ਸੂਤਰਧਾਰ ਵਿਭਾਗੀ ਇੰਸਪੈਕਟਰ ਤੇ ਸਬੰਧਿਤ ਡਿਪੋ ਹੋਲਡਰ ਹੈ, ਜਿਨ੍ਹਾ ਨੇ ਯੋਜਨਾ ਦੇ ਆਨਲਾਈਨ ਸਿਸਟਮ ਨਾਲ ਜੋੜੇ ਜਾਣ ਵਾਲੀ ਈ. ਪਾਸ਼ ਮਸ਼ੀਨ ਆਉਣ ਦੇ ਪਹਿਲਾਂ ਫਰਜ਼ੀ ਨੀਲੇ ਕਾਰਡਾਂ ਰਾਹੀਂ ਕਰੋੜਾਂ ਰੁਪਏ ਦੇ ਸਰਕਾਰੀ ਅਨਾਜ ਦਾ ਘੋਟਾਲਾ ਕੀਤਾ ਹੈ।

ਈ-ਪਾਸ਼ ਮਸ਼ੀਨਾਂ ਸ਼ੁਰੂ ਹੋਣ ਤੋਂ ਬਾਅਦ ਯੋਜਨਾ ਨਾਲ ਜੁੜੇ ਅਮੀਰ ਘਰਾਣੇ ਮਸ਼ੀਨ 'ਚ ਆਪਣਾ ਅੰਗੂਠਾ ਲਾਉਣ ਦੇ ਡਰ ਤੋਂ ਡਿਪੋ 'ਤੇ ਕਣਕ ਲੈਣ ਤੋਂ ਮੂੰਹ ਫੇਰ ਰਹੇ ਹਨ। ਸਲੇਮ ਟਾਬਰੀ ਬਲਾਕ-25 ਦੇ ਅਸ਼ਵਨੀ ਕੁਮਾਰ ਨੂੰ ਜਦੋਂ ਇਹ ਸੱਚਾਈ ਪਤਾ ਲੱਗੀ ਕਿ ਉਨ੍ਹਾਂ ਦਾ ਨੀਲਾ ਕਾਰਡ ਬਣਾ ਕੇ ਉਨ੍ਹਾਂ ਦੇ 5 ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਮਿਲਣ ਵਾਲੀ ਕਣਕ ਡਿਪੋ ਹੋਲਡਰ ਅਤੇ ਚਰਨਪ੍ਰੀਤ ਸਿੰਘ ਇੰਸਪੈਕਟਰ ਮਿਲ ਵੰਡ ਕੇ ਖਾ ਰਹੇ ਹਨ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਅਸ਼ਵਨੀ ਦੇ ਮੁਤਾਬਕ ਹੁਣ ਜਦੋਂ ਕਿਸੇ ਜਾਣਕਾਰ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਨਾਂ 'ਤੇ ਸਰਕਾਰੀ ਕਣਕ ਦਾ ਘੋਟਾਲਾ ਕੀਤਾ ਜਾ ਰਿਹਾ ਹੈ ਤਾਂ ਇਸੰਪੈਕਟਰ ਚਰਨਪ੍ਰੀਤ ਸਿੰਘ ਅਸ਼ਵਨੀ ਕੁਮਾਰ ਨੂੰ ਇਹ ਕਹਿੰਦੇ ਹੋਏ ਗੱਲ ਦੱਬਣ ਦੀ ਕੋਸ਼ਿਸ਼ 'ਚ ਜੁੱਟ ਗਿਆ ਕਿ ਉਹ ਮੌਜੂਦਾ ਬਣਦੀ ਕਣਕ ਲੈ ਕੇ ਰਜਿਸਟਰ 'ਚ ਹਸਤਾਖਰ ਕਰ ਦੇਵੇ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਇੰਸਪੈਕਟਰ ਚਰਨਪ੍ਰੀਤ ਸਿੰਘ ਗੈਸ ਮਾਫੀਆ ਨਾਲ ਜੁੜੇ ਦਲਾਲਾਂ 'ਤੇ ਛਾਪੇਮਾਰੀ ਦੌਰਾਨ ਮਿਲੀ-ਭੁਗਤ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ 'ਚ ਘਿਰ ਚੁੱਕਿਆ ਹੈ।  ਈ-ਪਾਸ਼ ਦਾ ਕਮਾਲ ਇਹ ਦੇਖਿਆ ਜਾ ਰਿਹਾ ਹੈ ਕਿ ਜੋ ਪਰਿਵਾਰ ਪਿਛਲੇ 5 ਸਾਲਾਂ ਤੋਂ ਕਣਕ ਦੇ ਦਾਣੇ-ਦਾਣੇ ਲਈ ਤਰਸਦੇ ਰਹੇ ਹਨ, ਉਨ੍ਹਾਂ ਨੂੰ ਕਣਕ ਦੇਣ ਲਈ ਵਿਭਾਗੀ ਕਰਮਚਾਰੀ ਤੇ ਡਿਪੋ ਹੋਲਡਰ ਘਰ-ਘਰ ਜਾ ਕੇ ਆਪਣੇ ਹਿੱਸੇ ਦੀ ਕਣਕ ਲਿਜਾਣ ਲਈ ਮਨਾ ਰਹੇ ਹਨ।