''ਆਪ'' ਦੀ ਲਹਿਰ ਫਿਰ ਬਣਨ ''ਚ ਅਜੇ ਥੋੜ੍ਹਾ ਸਮਾਂ ਲੱਗੇਗਾ : ਖਹਿਰਾ

02/19/2018 10:48:09 AM

ਤਰਨਤਾਰਨ (ਧਰਮ ਪੰਨੂੰ) - ਪੰਜਾਬ 'ਚ ਆਮ ਆਦਮੀ ਪਾਰਟੀ ਦੀ ਲਹਿਰ ਫਿਰ ਸਿਖਰਾਂ 'ਤੇ ਚੜ੍ਹਨ ਲਈ ਅਜੇ ਥੋੜ੍ਹਾ ਸਮਾਂ ਲੱਗੇਗਾ ਅਤੇ ਹਰ ਛੋਟੇ ਵਰਕਰ ਤੋਂ ਲੈ ਕੇ ਵਿਧਾਇਕਾਂ ਤੇ ਹੋਰ ਵੱਡੇ 'ਆਪ' ਆਗੂਆਂ ਨੂੰ ਸਖਤ ਮਿਹਨਤ ਕਰਨੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ਦੇ ਆਗੂ ਨੇ ਗੱਲਬਾਤ ਕਰਦਿਆਂ ਕੀਤਾ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਅਕਾਲੀ, ਭਾਜਪਾ ਅਤੇ ਕਾਂਗਰਸ ਜਿਨ੍ਹਾਂ ਨੇ ਵਾਰੀ-ਵਾਰੀ ਪੰਜਾਬ 'ਚ ਸੱਤ ਦਹਾਕੇ ਰਾਜ ਕੀਤਾ ਹੈ, ਨੇ ਤੀਸਰੀ ਧਿਰ ਪੰਜਾਬ 'ਚ ਸਫਲ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਸਾਡੀਆਂ ਰਾਜਸੀ ਗਤੀਵਿਧੀਆਂ 'ਤੇ ਹਰ ਸਮੇਂ ਬਾਜ਼ ਨਜ਼ਰ ਰੱਖ ਰਹੇ ਹਨ। ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਪੰਜਾਬ 'ਚ 'ਆਪ' ਦਾ ਆਧਾਰ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ-ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸਾਲ 'ਚ 780 ਮੀਟਿੰਗਾਂ ਮਾਝੇ ਦੇ ਵਰਕਰਾਂ ਨਾਲ ਕਰਨ ਦਾ ਟੀਚਾ ਮਿੱਥਿਆ ਹੈ। 
ਇਸੇ ਮੌਕੇ ਮਨਜਿੰਦਰ ਸਿੰਘ ਸਿੱਧੂ ਪ੍ਰਧਾਨ ਜ਼ਿਲਾ ਤਰਨਤਾਰਨ, ਕੁਲਦੀਪ ਸਿੰਘ ਧਾਲੀਵਾਲ ਪ੍ਰਧਾਨ ਮਾਝਾ ਜ਼ੋਨ, ਭੁਪਿੰਦਰ ਸਿੰਘ ਬਿੱਟੂ ਸਕੱਤਰ ਪੰਜਾਬ, ਡਾ. ਕਸ਼ਮੀਰ ਸਿੰਘ ਸੋਹਲ, ਪਹਿਲਵਾਨ ਕਰਤਾਰ ਸਿੰਘ, ਸੁਖਬੀਰ ਸਿੰਘ ਵਲਟੋਹਾ, ਦਿਲਬੀਰ ਸਿੰਘ, ਬਲਦੇਵ ਸਿੰਘ ਪੰਨੂੰ, ਰਣਜੀਤ ਸਿੰਘ ਚੀਮਾ, ਹਰਜੀਤ ਸਿੰਘ ਸੰਧੂ, ਜੋਬਨ ਹੋਠੀਆਂ ਤੇ ਐੱਸ. ਐੱਸ. ਸੰਧੂ ਆਦਿ ਮੌਜੂਦ ਸਨ।