3 ਦਿਨਾਂ ਲਈ ਨਹੀਂ ਚੱਲਣਗੀਆਂ ਪਨਬਸ ਤੇ ਰੋਡਵੇਜ਼ ਦੀਆਂ ਬੱਸਾਂ (ਵੀਡੀਓ)

07/16/2018 11:04:43 AM

ਲੁਧਿਆਣਾ (ਨਰਿੰਦਰ) : ਪੰਜਾਬ 'ਚ ਸੋਮਵਾਰ ਤੋਂ 3 ਦਿਨਾਂ ਲਈ ਰੋਡਵੇਜ਼ ਅਤੇ ਪਨਬਸ ਦੀਆਂ ਬੱਸਾਂ ਨਹੀਂ ਚੱਲਣਗੀਆਂ। ਪੰਜਾਬ ਰੋਡਵੇਜ਼ ਤੇ ਪਨਬਸ ਕਾਂਟ੍ਰੈਕਟਰ ਵਰਕਰਜ਼ ਯੂਨੀਅਨ ਨੇ 3 ਦਿਨਾਂ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਰਕਾਰ ਤੋਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਉਨ੍ਹਾਂ ਨੂੰ ਵੀ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਬਰਾਬਰ ਕੰਮ ਦੇ ਬਰਾਬਰ ਪੈਸੇ ਦੇਣ ਸਮੇਤ ਹੋਰ ਕਈ ਮੰਗਾਂ ਹਨ। 
ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਹ ਕਦਮ ਚੁੱਕਣ ਲਈ ਉਨ੍ਹਾਂ ਨੂੰ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ 16 ਜੁਲਾਈ ਤੋਂ ਪੰਜਾਬ ਦੇ ਸਾਰੇ 18 ਡਿਪੋਆਂ 'ਚ ਹੜਤਾਲ ਕੀਤੀ ਜਾਵੇਗੀ, 17 ਨੂੰ ਉਨ੍ਹਾਂ ਦੀ ਯੂਨੀਅਨ ਦੀਨਾਗਰ 'ਚ ਟਰਾਂਸਪੋਰਟ ਮੰਤੀ ਦੀ ਕੋਠੀ ਦਾ ਘਿਰਾਅ ਕਰੇਗੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼ਨੀਵਾਰ ਨੂੰ ਉਨ੍ਹਾਂ ਨੇ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ 10 ਦਿਨਾਂ 'ਚ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਗੱਲ ਤਾਂ ਕਹੀ, ਪਰ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਕ ਮਹੀਨੇ ਤੱਕ ਰੁਕਣ ਨੂੰ ਤਿਆਰ ਹਨ ਪਰ ਉਨ੍ਹਾਂ ਨੂੰ ਲਿਖਤੀ ਭਰੋਸਾ ਚਾਹੀਦਾ ਹੈ ਅਤੇ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ।