ਪਨਬੱਸ ਕਰਮਚਾਰੀਆਂ ਨੇ ਟਰਾਂਸਪੋਰਟ ਮੰਤਰੀ ਦੇ ਵਿਧਾਨ ਸਭਾ ਹਲਕੇ ਵਿਚ ਦਿੱਤਾ ਧਰਨਾ

07/18/2018 12:18:41 AM

 ਦੀਨਾਨਗਰ,   (ਕਪੂਰ)-  ਪਨਬੱਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਕਾਲ ’ਤੇ 18 ਡਿਪੂਆਂ ਦੇ ਸਮੂਹ ਪਨਬਿਸ ਕਰਮਚਾਰੀਆਂ ਨੇ ਅੱਜ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਝੰਡੇਚੱਕ ਬਾਈਪਾਸ ਨੇਡ਼ੇ ਅਾਪਣੀਆਂ ਮੰਗਾਂ ਦੇ ਸਮਰਥਨ ਵਿਚ ਰੋਸ ਧਰਨਾ ਦਿੱਤਾ। ਇਸ ਮੌਕੇ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਵਿਚ ਸਰਕਾਰ ਵੱਲੋਂ ਕੀਤੀ ਜਾ ਰਹੀ ਆਣਾਕਾਨੀ ਅਤੇ ਹੋਰ ਮੰਗਾਂ ਦੇ ਸਮਰਥਨ ਵਿਚ ਕਰਮਚਾਰੀਆਂ ਵੱਲੋਂ 16, 17 ਤੇ 18 ਜੁਲਾਈ ਨੂੰ ਪਨਬੱਸ ਦੀ ਹਡ਼ਤਾਲ ਰੱਖਣ ਦੀ ਕਾਲ ਦਿੱਤੀ ਗਈ ਸੀ, ਜਿਸ ਤਹਿਤ ਅੱਜ ਸੂਬੇ  ’ਚੋਂ ਸਮੂਹ ਯੂਨੀਅਨ ਮੈਂਬਰ ਦੀਨਾਨਗਰ ਵਿਖੇ ਇਕੱਠੇ ਹੋ ਕੇ ਰੋਸ ਪ੍ਰਗਟ ਕਰ ਰਹੇ ਹਨ।     ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ  ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਵੱਲੋਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਕਾਰਨ ਯੂਨੀਅਨ ਦਾ ਗੁਸਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਨੀ ਮਹਿੰਗਾਈ ਦੇ ਯੁਗ ਵਿਚ ਪਨਬੱਸ ਕੰਟਰੈਕਟ ਕਰਮਚਾਰੀਆਂ ਵਿਚ ਕੰਡਕਟਰ ਨੂੰ 9500, ਡਰਾਈਵਰ ਨੂੰ 10,500 ਅਤੇ ਹੋਰ ਵਰਕਸ਼ਾਪ ਕਰਮਚਾਰੀਆਂ ਨੂੰ 9500 ਰੁਪਏ ਮਹੀਨਾ ਦਿੱਤੇ ਜਾ ਰਹੇ ਹਨ, ਜਿਸਦੇ ਬਦਲੇ ਵਿਚ ਉਨ੍ਹਾਂ ਤੋਂ 12 ਤੋਂ 16 ਘੰਟੇ ਡਿਊਟੀ ਲੈ ਕੇ ਉਨ੍ਹਾਂ ਦਾ ਸ਼ੋਸਨ ਕੀਤਾ ਜਾ ਰਿਹਾ ਹੈ।  
ਪ੍ਰਧਾਨ ਨੇ ਕਿਹਾ ਕਿ ਪਨਬੱਸ ਤੋਂ ਕਰਜ਼ਾ ਮੁਕਤ ਕਰੀਬ 1058 ਬੱਸਾਂ ਨੂੰ ਰੋਡਵੇਜ਼ ਦੇ ਬੇਡ਼ੇੇ ਵਿਚ ਸ਼ਾਮਲ ਕੀਤਾ ਗਿਆ ਹੈ, ਪਰ ਉਨ੍ਹਾਂ ਦੇ ਨਾਲ ਹੀ ਪਨਬੱਸ ਕਰਮਚਾਰੀਆਂ ਨੂੰ ਰੋਡਵੇਜ਼ ਵਿਚ ਮਰਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਣਾਏ ਗਏ ਅਨੂਪਾਤ ਅਨੁਸਾਰ ਪਨਬੱਸ ਕਰਮਚਾਰੀਆਂ ਨੂੰ ਜਲਦੀ ਹੀ ਰੋਡਵੇਜ਼ ਵਿਚ ਮਰਜ ਕੀਤਾ ਜਾਵੇ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ  ਤਜ਼ਰਬੇ ਦੇ ਆਧਾਰ ’ਤੇ ਪੁਰਾਣੇ ਕਰਮਚਾਰੀਆਂ ਨੂੰ ਵੀ ਰੈਗੂਲਰ ਕੀਤਾ ਜਾਵੇ। ਹੋਰ ਬੁਲਾਰਿਆਂ ਨੇ ਕਿਹਾ ਕਿ  ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਜਲਦੀ ਹੀ ਧਿਆਨ ਨਾ ਦਿੱਤਾ ਤਾਂ ਉਹ ਅਾਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਇਸ ਮੌਕੇ ਸਰਪ੍ਰਸਤ ਕਮਲ ਕੁਮਾਰ, ਸੂਬਾ ਚੇਅਰਮੈਨ ਪਰਮਜੀਤ ਸਿੰਘ ਕੋਹਾਡ਼, ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ, ਸੀਨਅਰ ਵਾਈਸ ਪ੍ਰਧਾਨ ਜੋਧ ਸਿੰਘ, ਸੂਬਾ ਕੈਸ਼ੀਅਰ ਬਲਜਿੰਦਰ ਸਿੰਘ, ਪਠਾਨਕੋਟ ਦੇ ਪ੍ਰਧਾਨ ਜੋਗਿੰਦਰ ਸਿੰਘ ਲਵਲੀ,  ਜਨਰਲ ਸਕੱਤਰ ਕਮਲ ਅਤੇ ਸੂਮ ਡਿਪੋ ਅਤੇ ਸੂਬਾ ਕਮੇਟੀ ਦੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ।