ਪੰਜਾਬ ਸਰਕਾਰ ਨੇ ਕੁਦਰਤੀ ਗੈਸ ''ਤੇ ਘਟਾਇਆ ''ਵੈਟ''

10/26/2019 9:52:40 AM

ਚੰਡੀਗੜ੍ਹ : ਉਦਯੋਗ ਨੂੰ ਵਾਤਾਵਰਣ ਪੱਖੀ ਕੁਦਰਤੀ ਗੈਸ ਦੀ ਵਰਤੋਂ ਵੱਲ ਮੋੜਣ ਅਤੇ ਮਾਲੀਆ ਵਧਾਉਣ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ  ਨੋਟੀਫਿਕੇਸ਼ਨ ਜਾਰੀ ਕਰਦਿਆਂ ਕੁਦਰਤੀ ਗੈਸ 'ਤੇ ਵੈਟ ਦੀ ਦਰ 14.3 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤੀ ਹੈ।
ਸੋਧੀਆਂ ਹੋਈਆਂ ਦਰਾਂ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਚੰਡੀਗੜ ਸਮੇਤ ਪੂਰੇ ਉੱਤਰੀ ਸੂਬੇ ਵਿੱਚੋਂ ਪੰਜਾਬ ਵਿੱਚ ਵੈਟ ਦੀ ਦਰ ਸਭ ਤੋਂ ਘੱਟ ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਵੈਟ ਘਟਾਉਣ ਬਾਰੇ ਲਏ ਫੈਸਲੇ ਦੇ ਸੰਦਰਭ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਨਾਲ ਸੂਬੇ 'ਚ ਉਦਯੋਗ ਨੂੰ ਪ੍ਰਦੂਸ਼ਣ ਪੈਦਾ ਕਰਦੇ ਤੇਲ ਤੋਂ ਵਾਤਾਵਰਣ ਪੱਖੀ ਕੁਦਰਤੀ ਗੈਸ ਦੀ ਵਰਤੋਂ ਵੱਲ ਮੋੜਿਆ ਜਾ ਸਕੇਗਾ ਅਤੇ ਇਸ ਨਾਲ ਸੂਬੇ ਵਿੱਚ ਉਦਯੋਗਿਕ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ। ਵੈਟ ਰੇਟ ਘਟਣ ਨਾਲ ਪੰਜਾਬ ਵਿੱਚ ਕੁਦਰਤੀ ਗੈਸ ਦੀ ਵਿਕਰੀ ਵਧਣ ਦੀ ਵੀ ਸੰਭਾਵਨਾ ਹੈ ਜਿਸ ਨਾਲ ਮਾਲੀਏ ਵਿੱਚ ਵੀ ਵਾਧਾ ਹੋਵੇਗਾ।
ਪੰਜਾਬ ਵਿੱਚ ਇਸ ਵੇਲੇ ਕੁਦਰਤੀ ਗੈਸ 'ਤੇ ਵੈਟ ਦੀ ਦਰ 13 ਫੀਸਦੀ +10 ਫੀਸਦੀ ਸਰਚਾਰਜ ਹੈ ਜੋ 14.30 ਫੀਸਦੀ ਬਣਦਾ ਹੈ। ਨੈਸ਼ਨਲ ਫਰਟੀਲਾਈਜ਼ਰ ਲਿਮਿਟਡ (ਐਨ.ਐਫ.ਐਲ.) ਗੈਸ ਦੀ ਵੱਡੀ ਖਪਤ ਕਰਦਾ ਹੈ ਜਿਸ ਦੇ ਬਠਿੰਡਾ ਅਤੇ ਨੰਗਲ ਵਿਖੇ ਸਥਿਤ ਪਲਾਂਟਾਂ ਵਿੱਚ ਇਸ ਦੀ ਵਰਤੋਂ ਹੁੰਦੀ ਹੈ। ਇਸ ਫੈਸਲੇ ਨਾਲ ਗੋਬਿੰਦਗੜ ਅਤੇ ਲੁਧਿਆਣਾ ਵਿੱਚ ਬਹੁਤ ਸਾਰੇ ਸਨਅਤੀ ਯੂਨਿਟ  ਜੋ ਵੱਡੀ ਮਾਤਰਾ ਵਿੱਚ ਰਵਾਇਤੀ ਤੇਲ ਦੀ ਵਰਤੋਂ ਕਰਦੇ ਹਨ, ਨੂੰ ਕੁਦਰਤੀ ਗੈਸ ਦੀ ਵਰਤੋਂ ਪ੍ਰਤੀ ਵੀ ਉਤਸ਼ਾਹ ਮਿਲੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਐਨ.ਐਫ.ਐਲ. ਵੱਲੋਂ ਗੁਜਰਾਤ ਤੋਂ ਹਰੇਕ ਮਹੀਨੇ 300 ਕਰੋੜ ਰੁਪਏ ਦੀ ਕੁਦਰਤੀ ਗੈਸ ਖਰੀਦੀ ਜਾ ਰਹੀ ਹੈ ਅਤੇ 15 ਫੀਸਦੀ ਦੀ ਦਰ ਦੇ ਹਿਸਾਬ ਨਾਲ ਕੇਂਦਰੀ ਸੂਬਾਈ ਟੈਕਸ ਦਾ 45 ਕਰੋੜ ਰੁਪਏ ਉਸ ਸੂਬੇ ਨੂੰ ਅਦਾ ਕੀਤਾ ਜਾ ਰਿਹਾ ਹੈ। ਕੁਦਰਤੀ ਗੈਸ 'ਤੇ ਵੈਟ ਦੀ ਦਰ ਘਟਣ ਨਾਲ ਕੁਦਰਤੀ ਗੈਸ ਸਪਲਾਇਰ ਐਨ.ਐਫ.ਐਲ. ਨੂੰ ਕੁਦਰਤੀ ਗੈਸ ਦੀ ਬਿਗ ਪੰਜਾਬ ਤੋਂ ਸ਼ੁਰੂ ਕਰੇਗਾ ਜਿਸ ਨਾਲ ਕੁਦਰਤੀ ਗੈਸ 'ਤੇ ਪੰਜਾਬ ਦੀ ਵੈਟ ਵਸੂਲੀ ਵਧ ਸਕਦੀ ਹੈ।
ਮਾਰਚ, 2015 ਤੋਂ ਪਹਿਲਾਂ ਕੁਦਰਤੀ ਗੈਸ 'ਤੇ ਵੈਟ ਦੀ ਦਰ 5.5 ਫੀਸਦੀ + 10 ਫੀਸਦੀ ਸਰਚਾਰਜ ਸੀ ਜੋ 6.05 ਫੀਸਦੀ ਬਣਦਾ ਹੈ। ਮਾਰਚ, 2015 ਤੋਂ ਬਾਅਦ ਕੁਦਰਤੀ ਗੈਸ 'ਤੇ ਵੈਟ ਦੀ ਦਰ 6.05 ਫੀਸਦੀ ਤੋਂ ਵਧ ਕੇ 14.3 ਫੀਸਦੀ ਹੋ ਗਈ। ਵੈਟ ਦੀ ਦਰ ਵਿੱਚ ਵਾਧਾ ਹੋਣ ਨਾਲ ਐਨ.ਐਫ.ਐਲ. ਨੇ ਕੁਦਰਤੀ ਗੈਸ ਦੀ ਅੰਤਰਰਾਜੀ ਬਿਗ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਕੁਦਰਤੀ ਗੈਸ 'ਤੇ ਵੈਟ ਤੋਂ ਮਾਲੀਆ ਘਟ ਗਿਆ ਸੀ। ਸਾਲ 2014-15 ਤੋਂ ਲੈ ਕੇ 2018-19 ਦੇ ਸਾਲਾਂ ਦੌਰਾਨ ਕੁਦਰਤੀ ਗੈਸ 'ਤੇ ਵੈਟ ਦੀ ਵਸੂਲੀ ਕਾਫੀ ਘਟ ਗਈ ਸੀ।

Babita

This news is Content Editor Babita