ਸਰਕਾਰੀ ਭਰਤੀਆਂ ਕਰਨ ਵਾਲੇ ਸੰਘ ਲੋਕ ਸੇਵਾ ਕਮਿਸ਼ਨ ''ਚ ਖੁਦ 582 ਅਹੁਦੇ ਖਾਲੀ

08/03/2017 7:02:05 AM

ਜਲੰਧਰ  (ਧਵਨ)  - ਕੇਂਦਰ ਸਰਕਾਰ 'ਚ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਕਰਨ ਵਾਲੇ ਸੰਘ ਲੋਕ ਸੇਵਾ ਕਮਿਸ਼ਨ 'ਚ ਖੁਦ ਹੀ 582 ਅਹੁਦੇ ਖਾਲੀ ਪਏ ਹਨ, ਜਿੱਥੇ ਹੁਣ ਤਕ ਨਵੀਆਂ ਨਿਯੁਕਤੀਆਂ ਨਹੀਂ ਹੋ ਰਹੀਆਂ ਹਨ। ਆਰ. ਟੀ. ਆਈ. ਐਕਟੀਵਿਸਟ ਡਾਲ ਚੰਦ ਪਵਾਰ ਨੇ ਜਨ ਸੂਚਨਾ ਅਧਿਕਾਰ ਐਕਟ ਦੇ ਤਹਿਤ ਸੰਘ ਲੋਕ ਸੇਵਾ ਕਮਿਸ਼ਨ ਨਵੀਂ ਦਿੱਲੀ ਤੋਂ ਪੁੱਛਿਆ ਸੀ ਕਿ ਲੋਕ ਸੇਵਾ ਕਮਿਸ਼ਨ 'ਚ ਕਿੰਨੇ ਅਹੁਦੇ ਖਾਲੀ ਪਏ  ਹਨ, ਜਿਨ੍ਹਾਂ ਦਾ ਜਵਾਬ ਦਿੰਦੇ ਹੋਏ ਸੰਘ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋਕ ਸੇਵਾ ਕਮਿਸ਼ਨ 'ਚ ਅਜੇ ਵੀ 582 ਅਹੁਦਿਆਂ ਨੂੰ ਭਰਨਾ ਬਾਕੀ ਹੈ। ਆਰ. ਟੀ. ਆਈ. ਐਕਟੀਵਿਸਟ ਵਲੋਂ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ 'ਚ ਅਧਿਕਾਰੀਆਂ ਨੇ ਦੱਸਿਆ ਕਿ 2014-15 'ਚ ਸੰਘ  ਲੋਕ ਸੇਵਾ ਕਮਿਸ਼ਨ ਦਾ ਅਸਲੀ ਖਰਚਾ 18.87 ਲੱਖ, 2015-16 'ਚ 21.29 ਲੱਖ ਅਤੇ 2016-17 'ਚ  24.17 ਲੱਖ ਸੀ। ਸੰਘ ਅਧਿਕਾਰੀਆਂ ਨੇ ਦੱਸਿਆ ਕਿ ਸੰਘ ਲੋਕ ਸੇਵਾ ਕਮਿਸ਼ਨ 'ਚ ਅਨੁਸੂਚਿਤ ਜਾਤੀ ਨਾਲ ਸੰਬੰਧਤ 95, ਓ. ਬੀ. ਸੀ. ਨਾਲ ਸੰਬੰਧਤ 136 ਅਤੇ ਜਨਰਲ ਸ਼੍ਰੇਣੀ ਨਾਲ ਸੰਬੰਧਤ 795 ਅਹੁਦੇ ਹਨ, ਜਿੱਥੇ ਵੱਖ-ਵੱਖ ਸ਼੍ਰੇਣੀਆਂ ਦੇ ਅਧਿਕਾਰੀ ਅਤੇ ਮੁਲਾਜ਼ਮ ਕੰਮ ਕਰ ਰਹੇ ਹਨ।