ਪੀ. ਟੀ. ਯੂ. ਮਹਾ ਘਪਲਾ : ਲੋੜੀਂਦੇ ਮੁਲਜ਼ਮਾਂ ਦੀਆਂ ਪੇਸ਼ਗੀ ਜ਼ਮਾਨਤਾਂ ਖਾਰਿਜ ਕਰਵਾਉਣ ''ਚ ਜੁਟੀ ਵਿਜੀਲੈਂਸ

01/15/2018 12:58:52 AM

ਕਪੂਰਥਲਾ (ਭੂਸ਼ਣ) - ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ 25 ਕਰੋੜ ਰੁਪਏ ਦੇ ਘਪਲੇ ਅਤੇ ਕਈ ਭਰਤੀਆਂ ਵਿਚ ਹੋਈ ਮਨਮਾਨੀ ਨੂੰ ਲੈ ਕੇ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਸਮੇਤ ਕੁਲ 10 ਮੁਲਜ਼ਮਾਂ ਦੀ ਨਾਮਜ਼ਦਗੀ  ਦੇ ਬਾਅਦ ਇਸ ਪੂਰੇ ਮਾਮਲੇ 'ਚ ਵਿਜੀਲੈਂਸ ਬਿਊਰੋ ਨੂੰ ਲੋੜੀਂਦੇ 9 ਹੋਰ ਮੁਲਜ਼ਮਾਂ ਵੱਲੋਂ ਅਦਾਲਤ ਵਿਚ ਪੇਸ਼ਗੀ ਜ਼ਮਾਨਤਾਂ ਲੈਣ ਦੀ ਸੂਚਨਾ ਮਿਲਦੇ ਹੀ ਜਿਥੇ ਵਿਜੀਲੈਂਸ ਬਿਊਰੋ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਨੂੰ ਰੱਦ ਖਾਰਿਜ ਕਰਵਾਉਣ ਦੇ ਮਕਸਦ ਨਾਲ ਪੂਰੇ ਦਸਤਾਵੇਜ਼ਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਇਸ ਪੂਰੇ ਮਾਮਲੇ 'ਚ ਸਾਲ 2013 ਦੇ ਬਾਅਦ ਹੋਈ 'ਏ' ਅਤੇ 'ਬੀ' ਕੈਟਾਗਿਰੀ ਦੀ ਭਰਤੀ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਕਾਰਵਾਈ ਹੋ ਸਕਦੀ ਹੈ, ਜਿਸ ਨੂੰ ਲੈ ਕੇ ਡਾ. ਰਜਨੀਸ਼ ਅਰੋੜਾ ਨਾਲ ਜੁੜੇ ਕਈੇ ਹਾਈ ਪ੍ਰੋਫਾਈਲ ਲੋਕਾਂ ਵਿਚ ਭਾਰੀ ਦਹਿਸ਼ਤ ਸਾਫ਼ ਦੇਖੀ ਜਾ ਸਕਦੀ ਹੈ।  
ਡਾ. ਅਰੋੜਾ ਨਿਆਇਕ ਹਿਰਾਸਤ 'ਚ, ਹੋਰ ਦੋਸ਼ੀ ਹੋਏ ਅੰਡਰਗਰਾਊਂਡ
ਪੰਜਾਬ ਟੈਕਨੀਟਲ ਯੂਨੀਵਰਸਿਟੀ 'ਚ 25 ਕਰੋੜ ਰੁਪਏ ਦੇ ਘਪਲੇ ਅਤੇ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇਣ ਦੇ ਮਾਮਲੇ 'ਚ ਗ੍ਰਿਫਤਾਰ ਸਾਬਕਾ ਉਪ ਕੁਲਪਤੀ ਡਾ. ਅਰੋੜਾ ਰਿਮਾਂਡ ਖਤਮ ਹੁੰਦੇ ਹੀ ਚਾਹੇ ਜੁਡੀਸ਼ੀਅਲ ਹਿਰਾਸਤ ਵਿਚ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਚਲੇ ਗਏ ਹਨ ਪਰ ਇਸ ਸਭ ਦੇ ਬਾਵਜੂਦ ਇਸ ਮਾਮਲੇ 'ਚ ਲੋੜੀਂਦੇ 9 ਹੋਰ ਮੁਲਜ਼ਮਾਂ ਦੀ ਤਲਾਸ਼ 'ਚ ਵਿਜੀਲੈਂਸ ਬਿਊਰੋ ਵੱਲੋਂ ਚਲਾਈ ਗਈ ਮੁਹਿੰਮ ਦੇ ਬਾਵਜੂਦ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਦੱਸਿਆ ਜਾਂਦਾ ਹੈ ਕਿ ਨਾਮਜ਼ਦ ਮੁਲਜ਼ਮਾਂ ਵੱਲੋਂ ਵਿਜੀਲੈਂਸ ਤੋਂ ਬਚਣ ਲਈ ਅਦਾਲਤ 'ਚ ਪੇਸ਼ਗੀ ਜ਼ਮਾਨਤ ਲਾਉਣ ਨੂੰ ਲੈ ਕੇ ਹਰਕਤ ਵਿਚ ਆਏ ਵਿਜੀਲੈਂਸ ਬਿਊਰੋ ਨੇ ਅਦਾਲਤ 'ਚ ਆਪਣਾ ਪੂਰਾ ਪੱਖ ਰੱਖਣ ਲਈ ਦਸਤਾਵੇਜ਼ੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਅਦਾਲਤ 'ਚ ਮੁਲਜ਼ਮਾਂ ਵੱਲੋਂ ਲਾਈ ਜਾਣ ਵਾਲੀ ਪੇਸ਼ਗੀ ਜ਼ਮਾਨਤ ਨੂੰ ਖਾਰਜ ਕਰਵਾਇਆ ਜਾ ਸਕੇ, ਜਿਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੀ ਟੀਮ ਐਤਵਾਰ ਨੂੰ ਵੀ ਦਸਤਾਵੇਜ਼ ਤਿਆਰ ਕਰਨ 'ਚ ਜੁਟੀ ਰਹੀ।  
ਸਾਲ 2013 ਦੇ ਬਾਅਦ ਦੀਆਂ ਭਰਤੀਆਂ 'ਤੇ ਰਹੇਗਾ ਵਿਜੀਲੈਂਸ ਦਾ ਫੋਕਸ
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਬਿਊਰੋ ਦਾ ਹੁਣ ਅਗਲਾ ਫੋਕਸ ਆਉਣ ਵਾਲੇ ਦਿਨਾਂ ਵਿਚ ਸਾਲ 2013 ਦੀਆਂ ਉਨ੍ਹਾਂ ਭਰਤੀਆਂ 'ਤੇ ਰਹੇਗਾ, ਜਿਨ੍ਹਾਂ 'ਚ ਸਾਰੇ ਨਿਯਮਾਂ ਦੀ ਅਣਦੇਖੀ ਕਰ ਕੇ ਕਈ ਅਹਿਮ ਅੁਹਦਿਆਂ 'ਤੇ ਡਾ. ਰਜਨੀਸ਼ ਅਰੋੜਾ ਦੇ ਇਸ਼ਾਰੇ 'ਤੇ ਕਈ ਆਰ. ਐੱਸ. ਐੱਸ. ਅਤੇ ਭਾਜਪਾ ਨੇਤਾਵਾਂ ਦੇ ਚਹੇਤਿਆਂ ਨੂੰ ਐਡਜਸਟ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੀ ਜਾਂਚ ਦਾ ਕੇਂਦਰ ਇਨ੍ਹਾਂ ਖਾਸ ਭਰਤੀਆਂ 'ਤੇ ਰਹੇਗਾ। ਜਿਨ੍ਹਾਂ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਤਤਕਾਲੀਨ ਪ੍ਰਸ਼ਾਸਨ ਵੱਲੋਂ ਕਈ ਵੱਧੀਆ ਉਮੀਦਵਾਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਭਰਾ ਭਤੀਜਾਵਾਦ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ।
ਆਉਣ ਵਾਲੇ ਦਿਨਾਂ 'ਚ ਵਿਜੀਲੈਂਸ ਕਰ ਸਕਦੀ ਹੈ ਵੱਡਾ ਧਮਾਕਾ
ਹੁਣ ਇਸ ਕਈ ਨਾਵਾਂ ਨੂੰ ਜਾਂ ਤਾਂ ਪੁਰਾਣੀ ਐੱਫ. ਆਈ. ਆਰ. ਵਿਚ ਸ਼ਾਮਲ ਕੀਤਾ ਜਾਵੇਗਾ ਜਾਂ ਫਿਰ ਅਲੱਗ ਤੋਂ ਇਕ ਨਵੀਂ ਐੱਫ. ਆਈ. ਆਰ. ਦਰਜ ਕਰਕੇ ਆਉਣ ਵਾਲੇ ਦਿਨਾਂ ਵਿਚ ਵਿਜੀਲੈਂਸ ਬਿਊਰੋ ਵੱਲੋਂ ਵੱਡਾ ਧਮਾਕਾ ਕੀਤਾ ਜਾ ਸਕਦਾ ਹੈ। ਜਿਸ ਦੀ ਭਿਣਕ ਲੱਗਦੇ ਹੀ ਹੁਣ ਅਜਿਹੇ ਲੋਕਾਂ ਦੇ ਚਿਹਰਿਆਂ ਦੀਆਂ ਹਵਾਈਆਂ ਉਡਦੀਆਂ ਨਜ਼ਰ ਆ ਰਹੀਆਂ ਹਨ। ਉਥੇ ਹੀ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ 'ਚ ਪੰਜਾਬ ਸਰਕਾਰ ਉਨ੍ਹਾਂ ਦਾਗੀ ਅਫਸਰਾਂ ਨੂੰ ਸੰਸਪੈਂਡ ਜਾਂ ਡਿਸਮਿਸ ਕਰ ਸਕਦੀ ਹੈ, ਜਿਨ੍ਹਾਂ ਨੂੰ ਭਰਾ ਭਤੀਜਾ ਵਾਦ ਦੀ ਆੜ ਵਿਚ ਭਰਤੀ ਕੀਤਾ ਗਿਆ ਸੀ।
ਗੌਰ ਹੋਵੇ ਕਿ ਸਾਲ 2002 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵੀ ਸਿੱਧੂ ਮਾਮਲੇ ਵਿਚ ਵੀ ਕਈ ਅਹਿਮ ਅਹੁਦਿਆਂ 'ਤੇ ਸ਼ੱਕੀ ਤਰੀਕੇ ਨਾਲ ਭਰਤੀ ਹੋਏ ਵੱਡੀ ਗਿਣਤੀ ਵਿਚ ਲੋਕਾਂ ਨੂੰ ਡਿਸਮਿਸ ਕਰ ਦਿੱਤਾ ਸੀ ।