ਪੀ.ਐੱਸ.ਯੂ. ਨੇ ਸੂਬਾ ਪੱਧਰ ''ਤੇ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ

05/04/2018 1:07:09 AM

ਰੂਪਨਗਰ, (ਜ.ਬ.)- ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਸੂਬਾ ਪੱਧਰੀ ਸੱਦੇ 'ਤੇ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ 'ਚ ਕਰਨ ਦੇ ਵਿਰੁੱਧ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ।
ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਵੀਰ ਰੰਧਾਵਾ, ਕਾਲਜ ਪ੍ਰਧਾਨ ਜਗਮਨਦੀਪ ਸਿੰਘ ਪੜ੍ਹੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਛੇਵੀਂ ਤੋਂ ਨੌਵੀਂ ਕਲਾਸ ਤੱਕ ਪੰਜਾਬ ਦੇ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤਾ ਜਾ ਰਿਹਾ ਹੈ, ਜਿਸ ਖਿਲਾਫ ਪੀ.ਐੱਸ.ਯੂ. ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਅੱਜ ਰੂਪਨਗਰ 'ਚ ਵੀ ਏ.ਡੀ.ਸੀ. ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਉਕਤ ਫੈਸਲਾ ਵਿਦਿਆਰਥੀ ਵਿਰੋਧੀ ਹੈ ਅਤੇ ਇਸ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ।
ਪੰਜਾਬ ਦੇ ਸਕੂਲਾਂ 'ਚ ਜ਼ਿਆਦਾਤਰ ਬੱਚਿਆਂ ਦੀ ਰੀ-ਅਪੀਅਰ ਹੈ। ਸਕੂਲਾਂ 'ਚ ਅੰਗਰੇਜ਼ੀ ਦੇ ਅਧਿਆਪਕ ਪੂਰੇ ਨਹੀਂ ਅਤੇ ਨਾ ਹੀ ਲੋੜੀਂਦੀਆਂ ਇਮਾਰਤਾਂ ਦਾ ਪ੍ਰਬੰਧ ਹੈ। ਇਸ ਲਈ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ 'ਚ ਕਰਨ ਦੀ ਬਜਾਏ ਅਧਿਆਪਕਾਂ ਦੀ ਸਕੂਲਾਂ 'ਚ ਭਰਤੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਕੂਲਾਂ 'ਚ ਇਮਾਰਤਾਂ ਦੀ ਉਸਾਰੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੁਲਬੀਰ ਅੰਬੀਆਣਾ, ਰੋਹਿਤ ਕੁਮਾਰ, ਪਰਮਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਧਮਾਣਾ, ਹਸ਼ਪ੍ਰੀਤ ਸਿੰਘ ਵੀ ਮੌਜੂਦ ਸਨ।
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੰਜਾਬ ਸਟੂਡੈਂਟਸ ਯੂਨੀਅਨ ਦੇ ਵਫਦ ਨੇ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕਰਨ ਦੇ ਵਿਰੋਧ 'ਚ ਜ਼ਿਲਾ ਪ੍ਰਸ਼ਾਸਨ ਦੀ ਮਾਰਫ਼ਤ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਰਣਜੀਤ ਕੌਰ ਨੂੰ ਸੌਂਪੇ ਗਏ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਆਗੂ ਬਲਜੀਤ ਸਿੰਘ ਧਰਮਕੋਟ ਤੇ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 6ਵੀਂ ਤੋਂ 9ਵੀਂ ਜਮਾਤ ਤੱਕ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਮਾਂ ਬੋਲੀ ਪੰਜਾਬੀ 'ਚ ਹੀ ਸਿੱਖਿਆ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਗਿਆਨਿਕ ਤੌਰ 'ਤੇ ਵੀ ਇਹ ਸਪੱਸ਼ਟ ਹੈ ਕਿ ਜਿਸ ਰਾਸ਼ਟਰ 'ਚ ਸਿੱਖਿਆ ਦਾ ਮਾਧਿਅਮ ਮਾਤਾ ਭਾਸ਼ਾ ਹੁੰਦਾ ਹੈ, ਉਹ ਰਾਸ਼ਟਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਜ਼ਿਆਦਾ ਤਰੱਕੀ ਕਰਦਾ ਹੈ। ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਤੇ ਉਨ੍ਹਾਂ ਦੇ ਮਾਪੇ ਵੀ ਜ਼ਿਆਦਾ ਸਿੱਖਿਅਤ ਨਹੀਂ ਹਨ, ਇਸ ਲਈ ਅੰਗਰੇਜ਼ੀ ਮਾਧਿਅਮ ਕੀਤੇ ਜਾਣ ਨਾਲ ਬੱਚਿਆਂ ਨੂੰ ਕਾਫ਼ੀ ਦਿੱਕਤਾਂ ਆ ਸਕਦੀਆਂ ਹਨ।