ਸਿੱਖਿਆ ਬੋਰਡ ਦੀਆਂ 3 ਅਹਿਮ ਪ੍ਰੀਖਿਆਵਾਂ 23 ਤੋਂ

06/22/2017 6:36:59 AM


ਮੋਹਾਲੀ  (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਇਸ ਵਾਰ ਨਵਾਂ ਰਿਕਾਰਡ ਬਣਾਉਂਦੇ ਹੋਏ 23 ਜੂਨ ਨੂੰ ਇਕ ਹੀ ਦਿਨ ਵਿਚ 12ਵੀਂ ਦੇ 61 ਵਿਸ਼ਿਆਂ ਦੀ ਅਨੁਪੂਰਕ ਪ੍ਰੀਖਿਆ ਆਯੋਜਿਤ ਕਰੇਗਾ। ਇਹ ਪ੍ਰੀਖਿਆ ਸਿਰਫ ਜ਼ਿਲਾ ਹੈੱਡਕੁਆਰਟਰਾਂ 'ਤੇ ਸਥਾਪਿਤ ਕੀਤੇ ਗਏ 193 ਪ੍ਰੀਖਿਆ ਕੇਂਦਰਾਂ 'ਚ ਆਯੋਜਿਤ ਕੀਤੀ ਜਾਵੇਗੀ ਅਤੇ ਲੱਗਭਗ 55 ਹਜ਼ਾਰ ਪ੍ਰੀਖਿਆਰਥੀ ਇਹ ਪ੍ਰੀਖਿਆ ਦੇਣਗੇ।
ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ 12ਵੀਂ ਦੀ ਅਨੁਪੂਰਕ ਪ੍ਰੀਖਿਆ 23 ਜੂਨ ਨੂੰ ਹੀ ਆਯੋਜਿਤ ਕੀਤੀ ਜਾਵੇਗੀ। ਸਿੱਖਿਆ ਬੋਰਡ 23, 24 ਅਤੇ 25 ਜੂਨ ਨੂੰ 3 ਤਰ੍ਹਾਂ ਦੀਆਂ ਪ੍ਰੀਖਿਆਵਾਂ ਆਯੋਜਿਤ ਕਰੇਗਾ। 23 ਨੂੰ 12ਵੀਂ ਦੀ ਅਤੇ 25 ਜੂਨ ਨੂੰ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਪ੍ਰੀਖਿਆ ਲਈ ਜਾਵੇਗੀ। 10ਵੀਂ ਦੀ ਅਨੁਪੂਰਕ ਪ੍ਰੀਖਿਆ 24 ਜੂਨ ਤੋਂ ਸ਼ੁਰੂ ਹੋਵੇਗੀ, ਜੋ 6 ਜੁਲਾਈ ਤੱਕ ਚੱਲੇਗੀ।
ਉਨ੍ਹਾਂ ਕਿਹਾ ਕਿ ਇਸ ਵਾਰ ਲੱਗਭਗ 64 ਹਜ਼ਾਰ ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਸੀ, ਜਿਸ ਵਿਚੋਂ 55 ਹਜ਼ਾਰ ਪ੍ਰੀਖਿਆਰਥੀਆਂ ਨੇ ਇਸ ਵਾਰ ਅਨੁਪੂਰਕ ਪ੍ਰੀਖਿਆ ਦੇਣੀ ਹੈ। ਉਨ੍ਹਾਂ ਦੱਸਿਆ ਕਿ 12ਵੀਂ ਦੀ ਇਸ ਪ੍ਰੀਖਿਆ ਦਾ ਨਤੀਜਾ ਵੀ ਜੁਲਾਈ ਮਹੀਨੇ ਵਿਚ ਹੀ ਐਲਾਨ ਦਿੱਤਾ ਜਾਵੇਗਾ। ਪ੍ਰੀਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਦਾ ਵੀ ਪੂਰਨ ਸਹਿਯੋਗ ਮਿਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ 10ਵੀਂ ਜਮਾਤ ਦੀ ਅਨੁਪੂਰਕ ਪ੍ਰੀਖਿਆ 24 ਜੂਨ ਤੋਂ 6 ਜੁਲਾਈ ਤੱਕ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰੀਖਿਆ ਜ਼ਿਲਾ ਅਤੇ ਸਬ ਡਵੀਜ਼ਨ ਪੱਧਰ 'ਤੇ ਸਥਾਪਿਤ ਕੀਤੇ ਗਏ 231 ਪ੍ਰੀਖਿਆ ਕੇਂਦਰਾਂ 'ਤੇ ਹੋਵੇਗੀ, ਜਿਸ ਵਿਚ ਲੱਗਭਗ 83 ਹਜ਼ਾਰ ਪ੍ਰੀਖਿਆਰਥੀ ਬੈਠਣਗੇ। ਨਕਲ 'ਤੇ ਰੋਕ ਲਗਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਤੀਜੀ ਪ੍ਰੀਖਿਆ ਮੈਰੀਟੋਰੀਅਸ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਾਖਲ ਕਰਨ ਸਬੰਧੀ ਹੈ। ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਜਿਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ 80 ਪ੍ਰਤੀਸ਼ਤ ਜਾਂ ਇਸ ਤੋਂ ਜ਼ਿਆਦਾ ਅੰਕ ਆਏ ਹਨ, ਉਹ ਇਸ ਪ੍ਰੀਖਿਆ ਵਿਚ ਬੈਠ ਸਕਣਗੇ। 25 ਜੂਨ ਤੋਂ ਸ਼ੁਰੂ ਹੋਣ ਵਾਲੀ ਇਹ ਪ੍ਰੀਖਿਆ ਕੇਵਲ ਜ਼ਿਲਾ ਹੈੱਡਕੁਆਰਟਰਾਂ ਵਿਚ ਸਥਾਪਿਤ ਕੀਤੇ ਗਏ 25 ਪ੍ਰੀਖਿਆ ਕੇਂਦਰਾਂ 'ਤੇ ਹੋਵੇਗੀ ਅਤੇ ਲਗਭਗ 5200 ਪ੍ਰੀਖਿਆਰਥੀ ਹਿੱਸਾ ਲੈਣਗੇ। ਇਸ ਪ੍ਰੀਖਿਆ ਵਿਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਹੀ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਦਿੱਤਾ ਜਾਵੇਗਾ।