ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ, ਮਹਾਨਗਰ ’ਚ ਲੋਕ ਹੋਏ ਪ੍ਰੇਸ਼ਾਨ

01/21/2022 2:27:19 PM

ਬਠਿੰਡਾ (ਸੁਖਵਿੰਦਰ) : ਨਵੇਂ ਟਾਈਮ ਟੇਬਲ ਚਲਾਉਣ ਦੀ ਮੰਗ ਨੂੰ ਲੈ ਕੇ ਪੀ. ਆਰ. ਟੀ. ਸੀ. ਦੀਆਂ ਸਮੂਹ ਜਥੇਬੰਦੀਆਂ ਵੱਲੋਂ ਮਹਾਨਗਰ ਵਿਚ ਚੱਕਾ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ। ਚੱਕਾ ਜਾਮ ਹੋਣ ਕਾਰਨ ਮਹਾਨਗਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਗੜਬੜਾ ਗਈ ਅਤੇ ਜਗ੍ਹਾ-ਜਗ੍ਹਾ ਜਾਮ ਲੱਗ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੀ. ਆਰ. ਟੀ. ਸੀ. ਦੀਆਂ ਸਮੂਹ ਜਥੇਬੰਦੀਆਂ ਵੱਲੋਂ ਨਵੇਂ ਟਾਈਮ ਟੇਬਲ ਚਲਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਟਰਾਂਸਪੋਰਟ ਵਿਭਾਗ ਨੂੰ ਮੰਗ ਪੱਤਰ ਦਿੱਤਾ ਗਿਆ ਸੀ।

ਉਨ੍ਹਾਂ ਦੋਸ਼ ਲਾਇਆ ਸੀ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਣਬੁੱਝ ਕੇ ਪੁਰਾਣੇ ਟਾਈਮ ਨੂੰ ਚਲਾ ਕੇ ਨਿੱਜੀ ਟਰਾਂਸਪੋਰਟਾਂ ਦੀ ਮਦਦ ਕੀਤੀ ਜਾ ਰਹੀ ਹੈ। ਸਵੇਰੇ ਹੀ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ, ਹਾਜੀ ਰਤਨ, ਮਾਨਸਾ ਰੋਡ, ਬੀਬੀ ਵਾਲਾ ਰੋਡ ਆਦਿ ਥਾਵਾਂ ’ਤੇ ਬੱਸਾਂ ਟੇਢੀਆਂ ਕਰਕੇ ਲਗਾ ਦਿੱਤੀਆਂ। ਇਸ ਕਾਰਨ ਜਗ੍ਹਾ-ਜਗ੍ਹਾ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਲੋਕ ਜਾਮ ਵਿਚ ਫਸ ਗਏ। ਮੁਸਾਫਰਾਂ ਨੂੰ ਬੱਸ ਸਟੈਂਡ ਅਤੇ ਸ਼ਹਿਰ ਵਿਚ ਆਉਣ ਲਈ ਪੈਦਲ ਝੱਲਣਾ ਪਿਆ। ਹਾਲਾਤ ਨੂੰ ਦੇਖਦੇ ਹੋਏ ਆਟੋ ਚਾਲਕਾਂ ਵੱਲੋਂ ਵੀ ਕਰਾਏ ਕਈ ਗੁਣਾ ਵਧਾ ਦਿੱਤਾ ਗਿਆ ਅਤੇ ਲੋਕ ਪ੍ਰੇਸ਼ਾਨ ਹੁੰਦੇ ਨਜ਼ਰ ਆਏ।

Gurminder Singh

This news is Content Editor Gurminder Singh