ਮਜ਼ਦੂਰ ਮੁਕਤੀ ਮੋਰਚਾ ਵੱਲੋਂ ਗਰੀਬ ਪਰਿਵਾਰ ਦੇ ਕੱਟੇ ਬਿਜਲੀ ਕੂਨੈਕਸ਼ਨ ਦੀ ਬਹਾਲੀ ਲਈ ਰੋਸ ਮਾਰਚ

04/05/2021 9:40:48 PM

ਭਵਾਨੀਗੜ੍ਹ, (ਵਿਕਾਸ,ਕਾਂਸਲ)- ਮਜ਼ਦੂਰ ਮੁਕਤੀ ਮੋਰਚਾ ਬਲਾਕ ਭਵਾਨੀਗੜ੍ਹ ਵੱਲੋਂ ਪਿੰਡ ਫੱਗੂਵਾਲਾ ਦੇ ਗਰੀਬ ਪਰਿਵਾਰ ਦੇ ਕੱਟੇ ਗਏ ਬਿਜਲੀ ਕੂਨੈਕਸ਼ਨ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਪਾਵਰਕਾਮ ਦਫ਼ਤਰ ਘਰਾਚੋਂ ਅੱਗੇ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਮਜ਼ਦੂਰ ਪਿੰਡ ਦੀ ਦਾਣਾ ਮੰਡੀ ਵਿਖੇ ਇਕੱਤਰ ਹੋਏ ਤੇ ਬਿਜਲੀ ਦਫ਼ਤਰ ਤੱਕ ਰੋਸ ਮਾਰਚ ਕੀਤਾ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਘਮੰਡ ਸਿੰਘ, ਬਲਾਕ ਪ੍ਰਧਾਨ ਕਲਵਿੰਦਰ ਕੌਰ ਰੇਤਗੜ੍ਹ, ਜ਼ਿਲਾ ਆਗੂ ਪ੍ਰੇਮ ਸਿੰਘ ਖਡਿਆਲੀ ਨੇ ਕਿਹਾ ਕਿ ਪਿੰਡ ਫੱਗੂਵਾਲਾ ਦੇ ਰਹਿਣ ਵਾਲੇ ਗੁਰਜੰਟ ਸਿੰਘ ਦਾ ਬਿਜਲੀ ਵਿਭਾਗ ਨੇ ਬਿੱਲ ਨਾ ਭਰਨ ’ਤੇ ਮੀਟਰ ਪੱਟ ਦਿੱਤਾ।

ਆਗੂਆਂ ਨੇ ਕਿਹਾ ਕਿ ਮੋਰਚੇ ਵੱਲੋਂ ਛੇੜੀ ਹੋਈ ਮੁਹਿੰਮ ਦੇ ਤਹਿਤ ਕਿਸੇ ਵੀ ਗਰੀਬ ਪਰਿਵਾਰਾਂ ਨੂੰ ਬਿਜਲੀ ਤੋਂ ਵਾਂਝਾ ਨਹੀਂ ਰਹਿਣ ਦਿੱਤੀ ਜਾਵੇਗਾ ਤੇ ਬਿਜਲੀ ਕੂਨੈਕਸ਼ਨ ਕੱਟਣ ’ਤੇ ਵਿਭਾਗ ਦੇ ਅਧਿਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਕੋਰੋਨਾ ਮਹਾਮਾਰੀ ਤੋਂ ਬਾਅਦ ਗਰੀਬਾਂ ਨੂੰ ਭੇਜੇ ਬਿਜਲੀ ਦੇ ਬਿੱਲ ਤੁਰੰਤ ਮਾਫ਼ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਉਕਤ ਮਸਲੇ ਸਬੰਧੀ ਆਉਂਦੇ ਦਿਨਾਂ ’ਚ ਐੱਸ.ਡੀ.ਓ. ਘਰਾਚੋਂ ਦੇ ਦਫਤਰ ਅੱਗੇ ਵੱਡਾ ਧਰਨਾ ਦਿੱਤਾ ਜਾਵੇਗਾ।

ਇਸ ਮੌਕੇ ਮਨਜੀਤ ਕੌਰ ਆਲੋਅਰਖ, ਲਖਵੀਰ ਕੌਰ ਲੱਡਾ ਤੇ ਅਨੀਤਾ ਰਾਣੀ ਖੇੜੀ ਆਦੀ ਵੀ ਹਾਜ਼ਰ ਸਨ।

Bharat Thapa

This news is Content Editor Bharat Thapa