ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਤਹਿਸੀਲਦਾਰ ਦਫਤਰ ਅੱਗੇ ਧਰਨਾ

11/14/2017 7:00:21 AM

ਤਲਵੰਡੀ ਸਾਬੋ, (ਮੁਨੀਸ਼)- ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਦੇ ਇਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਤਹਿਸੀਲਦਾਰ ਦਫਤਰ ਅੱਗੇ ਧਰਨਾ ਲਾਇਆ ਗਿਆ। ਭਾਵੇਂ ਕਿ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਕੁਰਕੀ ਰੋਕ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਲਹਿਰੀ ਦੇ ਕਿਸਾਨ ਰਾਜ ਸਿੰਘ ਦੀ 5 ਏਕੜ ਜ਼ਮੀਨ ਦੀ ਕੁਰਕੀ ਰੱਖੀ ਗਈ ਸੀ। ਕੁਰਕੀ ਇਕ ਆੜ੍ਹਤੀਆ ਫਰਮ ਵੱਲੋਂ ਕਰੀਬ 14 ਲੱਖ ਰੁਪਏ ਦੀ ਮਾਣਯੋਗ ਅਦਾਲਤ ਤੋਂ ਲਿਆਂਦੀ ਗਈ ਸੀ। ਕਿਸਾਨ ਰਾਜ ਸਿੰਘ ਮੁਤਾਬਕ ਉਸ ਨੂੰ ਕੁਰਕੀ ਸਬੰਧੀ ਕੋਈ ਨੋਟਿਸ ਨਹੀਂ ਭੇਜਿਆ ਗਿਆ ਪਰ ਉਹ ਆਪਣੇ ਕੰਮ ਤਹਿਸੀਲ ਵਿਚ ਆਇਆ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਜ਼ਮੀਨ ਦੀ ਕੁਰਕੀ ਰੱਖੀ ਗਈ ਹੈ। ਕਿਸਾਨ ਨੇ ਆਪਣੀ ਮੁਸ਼ਕਲ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅੱਗੇ ਰੱਖਿਆ ਤਾਂ ਉਸ ਨੇ ਤਹਿਸੀਲਦਾਰ ਦਫਤਰ ਅੱਗੇ ਕੁਰਕੀ ਖਿਲਾਫ ਧਰਨਾ ਲਾ ਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਸਮਾਂ ਪੂਰਾ ਹੋਣ 'ਤੇ ਨਾਇਬ ਤਹਿਸੀਲਦਾਰ ਦਾ ਘਿਰਾਓ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਅਤੇ ਕਿਸਾਨ ਆਗੂ ਮੋਹਨ ਸਿੰਘ ਚੱਠੇਵਾਲਾ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਨਾਲ- ਨਾਲ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਪ੍ਰਸ਼ਾਸਨਿਕ ਅਧਿਕਾਰੀ ਕਥਿਤ ਤੌਰ 'ਤੇ ਆੜ੍ਹਤੀਆਂ ਤੋਂ ਰਿਸ਼ਵਤ ਲੈ ਕੇ ਕਿਸਾਨਾਂ ਦੀਆਂ ਦਫਤਰਾਂ 'ਚ ਕੁਰਕੀਆਂ ਕਰ ਰਹੇ ਹਨ। ਇਸ ਕੁਰਕੀ ਸਬੰਧੀ ਕਿਸਾਨ ਨੂੰ ਵੀ ਨਹੀਂ ਦੱਸਿਆ ਜਾਂਦਾ ਤੇ ਇਥੇ ਹੀ ਕਾਗਜ਼ੀ ਕਾਰਵਾਈ ਕਰ ਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਉਧਰ ਕਿਸਾਨ ਆਗੂਆਂ ਦੇ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਕੁਰਕੀ ਨੂੰ ਰੋਕ ਦਿੱਤਾ ਹੈ।