ਟ੍ਰੈਵਲ ਏਜੰਟ ਦੀ ਕੋਠੀ ਦੇ ਬਾਹਰ ਪੀੜਤ ਪਰਿਵਾਰਾਂ ਨੇ ਲਾਇਆ ਪੱਕਾ ਧਰਨਾ, ਕੀਤੀ ਇਹ ਮੰਗ

09/16/2023 1:51:18 PM

ਮਾਛੀਵਾੜਾ ਸਾਹਿਬ (ਟੱਕਰ) : ਕੈਨੇਡਾ ਭੇਜਣ ਲਈ ਕਰੀਬ 20 ਤੋਂ ਵੱਧ ਪਰਿਵਾਰਾਂ ਤੋਂ ਲੱਖਾਂ ਰੁਪਏ ਠੱਗਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਪੀੜਤ ਪਰਿਵਾਰਾਂ ਨੇ ਇਨਸਾਫ਼ ਲਈ ਪੱਕਾ ਧਰਨਾ ਲਗਾ ਦਿੱਤਾ। ਅੱਜ ਅੱਤ ਦੀ ਗਰਮੀ ਦੇ ਬਾਵਜੂਦ ਪੀੜਤ ਪਰਿਵਾਰ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਟੈਂਟ ਲਗਾ ਕੇ ਪੱਕੇ ਤੌਰ ’ਤੇ ਬੈਠ ਗਏ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਬਣਦੀ ਲੱਖਾਂ ਰੁਪਏ ਰਾਸ਼ੀ ਵਾਪਸ ਕਰਵਾਈ ਜਾਵੇ। ਟ੍ਰੈਵਲ ਏਜੰਟ ਦੀ ਕੋਠੀ ਬਾਹਰ ਧਰਨਾ ਲਗਾਈ ਬੈਠੇ ਗੁਰਜੰਟ ਸਿੰਘ ਮਲੌਦ, ਦਪਿੰਦਰ ਸਿੰਘ ਪਠਾਨਕੋਟ, ਪਰਗਟ ਸਿੰਘ ਤੇ ਨੀਲਮ ਰਾਣੀ ਅਮਲੋਹ, ਗੁਰਮੀਤ ਕੌਰ ਮਲੌਦ, ਰਾਜਪਾਲ ਸਿੰਘ ਮਾਛੀਵਾੜਾ, ਅੰਮ੍ਰਿਤਪਾਲ ਸਿੰਘ ਅਮਲੋਹ, ਦਵਿੰਦਰ ਸਿੰਘ ਭਾਦਲਾ, ਮਨਪ੍ਰੀਤ ਸਿੰਘ ਗੜ੍ਹੀ ਬੇਟ, ਰਣਜੀਤ ਸਿੰਘ ਮਾਛੀਵਾੜਾ, ਜਸਵੰਤ ਸਿੰਘ ਜਲਣਪੁਰ, ਸੁਖਵਿੰਦਰ ਕੌਰ ਛੌੜੀਆਂ, ਤਲਵੀਰ ਕੌਰ, ਮਨਤੀਪ ਕੌਰ ਅਤੇ ਪ੍ਰੇਮਪ੍ਰੀਤ ਸਿੰਘ (ਤਿੰਨੋ ਬਸੀ ਪਠਾਣਾ), ਅਮਰਜੀਤ ਸਿੰਘ ਵਾਸੀ ਲੁਧਿਆਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕੈਨੇਡਾ ਜਾਣ ਲਈ ਇੱਥੋਂ ਦੇ ਨਿਵਾਸੀ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਪੇਸ਼ਗੀ ਵਜੋਂ ਲੱਖਾਂ ਰੁਪਏ ਦਿੱਤੇ ਪਰ ਉਨ੍ਹਾਂ ਦਾ ਵੀਜ਼ਾ ਨਾ ਲੱਗਿਆ। ਇਨ੍ਹਾਂ ਪੀੜਤ ਪਰਿਵਾਰਾਂ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ, ਜਿਸ ’ਤੇ ਸਿਰਫ ਰਾਜਪਾਲ ਸਿੰਘ ਦੀ ਸ਼ਿਕਾਇਤ ’ਤੇ ਸਤਵਿੰਦਰ ਕੌਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ, ਜਦਕਿ ਬਾਕੀ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਸਤਵਿੰਦਰ ਕੌਰ ਨੂੰ ਗ੍ਰਿਫ਼ਤਾਰ ਨਾ ਕੀਤਾ ਅਤੇ ਨਾ ਹੀ ਬਾਕੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਸ਼ਿਕਾਇਤ ’ਤੇ ਮਾਮਲੇ ਦਰਜ ਕੀਤੇ ਗਏ। ਧਰਨਾਕਾਰੀਆਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਪਤੀ-ਪਤਨੀ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਲਾਰੇ ਲਗਾ ਰਹੇ ਸਨ ਕਿ ਉਹ ਅੱਜ ਕੁਝ ਪੈਸੇ ਵਾਪਸ ਦੇ ਦੇਣਗੇ, ਜਦਕਿ ਬਾਕੀ ਲੱਖਾਂ ਰੁਪਏ ਰਾਸ਼ੀ ਕਿਸ਼ਤਾਂ ਵਿਚ ਅਦਾ ਕਰ ਦੇਣਗੇ, ਜੋ ਇਸ ਵਾਅਦੇ ਤੋਂ ਵੀ ਅੱਜ ਮੁੱਕਰ ਗਏ। ਧਰਨਾਕਾਰੀਆਂ ਅਨੁਸਾਰ ਅਖ਼ੀਰ ਉਨ੍ਹਾਂ ਨੂੰ ਅੱਜ ਆਪਣੇ ਪਰਿਵਾਰਾਂ ਸਮੇਤ ਇਨਸਾਫ਼ ਲਈ ਪੱਕੇ ਤੌਰ ’ਤੇ ਏਜੰਟ ਦੀ ਕੋਠੀ ਬਾਹਰ ਧਰਨਾ ਲਗਾਉਣਾ ਪਿਆ। ਕਈ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਜਾਣ ਲਈ ਆਪਣੇ ਗਹਿਣੇ, ਜ਼ਮੀਨਾਂ ਆਦਿ ਗਿਰਵੀ ਅਤੇ ਵਿਆਜ ’ਤੇ ਚੱਕ ਕੇ ਇਸ ਟ੍ਰੈਵਲ ਏਜੰਟ ਨੂੰ ਦਿੱਤੇ ਪਰ ਨਾ ਉਹ ਵਿਦੇਸ਼ ਜਾ ਸਕੇ ਅਤੇ ਨਾ ਹੀ ਪੈਸੇ ਵਾਪਸ ਮਿਲ ਰਹੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਹ ਕੋਠੀ ਬਾਹਰ ਧਰਨਾ ਜਾਰੀ ਰੱਖਣਗੇ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਧਰਨਾਕਾਰੀਆਂ ਦੀਆਂ ਹਮਾਇਤ ’ਤੇ ਆਇਆ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਟ੍ਰੈਵਲ ਏਜੰਟ ਦੇ ਕੋਠੀ ਬਾਹਰ ਧਰਨਾ ਲਗਾ ਕੇ ਬੈਠੇ ਪੀੜਤ ਪਰਿਵਾਰਾਂ ਦੇ ਹੱਕ ਵਿਚ ਆਏ। ਇਸ ਮੌਕੇ ਹਲਕਾ ਇੰਚਾਰਜ ਜਤਿੰਦਰ ਸਿੰਘ ਬਿਜਲੀਪੁਰ ਤੇ ਸਤਨਾਮ ਸਿੰਘ ਮਾਛੀਵਾੜਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਕਰ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਇਹ ਪੀੜਤ ਪਰਿਵਾਰ ਇਨਸਾਫ਼ ਲਈ ਅੱਜ ਸਖ਼ਤ ਗਰਮੀ ਵਿਚ ਧਰਨਾ ਲਗਾ ਕੇ ਬੈਠੇ ਹਨ ਅਤੇ ਅਕਾਲੀ ਦਲ ਅੰਮ੍ਰਿਤਸਰ ਉਨ੍ਹਾਂ ਦਾ ਸਾਥ ਦੇ ਰਿਹਾ ਹੈ।

ਟ੍ਰੈਵਲ ਏਜੰਟ ਦੇ ਪਤੀ ਨੇ ਕਿਹਾ, ਮੇਰਾ ਨਹੀਂ ਕੋਈ ਕਸੂਰ

ਸਤਵਿੰਦਰ ਕੌਰ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਹੇਠ ਮਾਮਲਾ ਦਰਜ ਹੈ। ਅੱਜ ਜਦੋਂ ਪੀੜਤ ਪਰਿਵਾਰਾਂ ਵਲੋਂ ਉਸਦੀ ਕੋਠੀ ਅੱਗੇ ਧਰਨਾ ਮਾਰਿਆ ਗਿਆ ਤਾਂ ਉਸਦੇ ਪਤੀ ਕਮਲ ਗਿੱਲ ਨੇ ਕਿਹਾ ਕਿ ਇਸ ਮਾਮਲੇ ਵਿਚ ਉਸਦਾ ਕੋਈ ਕਸੂਰ ਨਹੀਂ। ਕਮਲ ਗਿੱਲ ਨੇ ਕਿਹਾ ਕਿ ਉਸਦੀ ਪਤਨੀ ਹੀ ਵਿਦੇਸ਼ ਭੇਜਣ ਦੇ ਨਾਮ ’ਤੇ ਪੈਸੇ ਲੈਂਦੀ ਸੀ ਅਤੇ ਜਦੋਂ ਹੁਣ ਵਿਵਾਦ ਖੜ੍ਹਾ ਹੋ ਗਿਆ ਤਾਂ ਉਹ ਆਪਣੀ ਪਤਨੀ ਨੂੰ ਜਲੰਧਰ ਛੱਡ ਆਇਆ। ਉਸਨੇ ਕਿਹਾ ਕਿ ਉਸਦੀ ਟ੍ਰੈਵਲ ਏਜੰਟ ਪਤਨੀ ਨੇ ਉਸਦੇ ਆਪਣੇ ਚੈੱਕ ਵੀ ਲੋਕਾਂ ਨੂੰ ਦਿੱਤੇ ਹੋਏ ਹਨ, ਜਿਸ ਤੋਂ ਉਹ ਖ਼ੁਦ ਪਰੇਸ਼ਾਨ ਹੈ। 

Babita

This news is Content Editor Babita