ਸਮਰਾਲਾ ''ਚ ਪੁਲਸ ਖ਼ਿਲਾਫ਼ ਲੋਕਾਂ ਦਾ ਵੱਡਾ ਪ੍ਰਦਰਸ਼ਨ, ਥਾਣੇ ਅੱਗੇ ਲਾਇਆ ਧਰਨਾ

05/07/2021 3:01:24 PM

ਸਮਰਾਲਾ (ਗਰਗ) : ਸਥਾਨਕ ਪੁਲਸ ਵੱਲੋਂ ਦੁਕਾਨਾਂ ਖੋਲ੍ਹਣ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਲਗਾਏ ਗਏ ਧਰਨੇ 'ਚ ਸ਼ਾਮਲ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕੋਰ ਕਮੇਟੀ ਮੈਂਬਰ ਪਰਮਜੀਤ ਢਿੱਲੋਂ ਅਤੇ ਆਪ ਪਾਰਟੀ ਆਗੂਆਂ ਸਮੇਤ ਕਈ ਸਮਾਜ ਸੇਵੀ ਤੇ ਦੁਕਾਨਦਾਰਾਂ 'ਤੇ ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਲੋਕਾਂ ਵੱਲੋਂ ਇਥੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਮੁੱਚੇ ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖਦੇ ਹੋਏ ਬਾਜ਼ਾਰ ਵਿੱਚ ਰੋਸ ਮਾਰਚ ਵੀ ਕੱਢਿਆ।

ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਸਾਬਕਾ ਵਿਧਾਇਕ ਖੀਰਨੀਆਂ, ਪਰਮਜੀਤ ਢਿੱਲੋਂ, ਆਪ ਆਗੂ ਜਗਤਾਰ ਦਿਆਲਪੁਰਾ, ਐਡਵੋਕੇਟ ਗਗਨ ਸ਼ਰਮਾ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਸਮਰਾਲਾ ਥਾਣੇ ਅੱਗੇ ਧਰਨਾ ਦਿੱਤਾ। ਥਾਣੇ ਅੱਗੇ ਲਏ ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਨਰਿੰਦਰ ਸ਼ਰਮਾ ਸਮੇਤ ਵੱਖ-ਵੱਖ ਆਗੂਆਂ ਨੇ SHO ਸਮਰਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਐਲਾਨ ਕੀਤਾ ਕਿ ਉਹ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਲਈ ਵੀ ਤਿਆਰ ਹਨ ਪਰ ਜਦੋਂ ਤੱਕ ਧੱਕੇਸ਼ਾਹੀ ਕਰਨ ਵਾਲੇ ਅਫ਼ਸਰਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਧਰਨਾ ਖ਼ਤਮ ਨਹੀਂ ਕਰਨਗੇ।


         
ਇਸ ਮੌਕੇ ਸਮਰਾਲਾ ਬਾਰ ਵੱਲੋਂ ਵੀ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਮਤਾ ਪਾਸ ਕਰਨ ਅਤੇ ਪੁਲਸ ਵੱਲੋਂ ਦਰਜ ਕੀਤੇ ਮਾਮਲੇ 'ਚ ਨਾਮਜ਼ਦ ਕੀਤੇ ਸਾਰੇ ਲੋਕ ਆਗੂਆਂ ਤੇ ਦੁਕਾਨਦਾਰਾਂ ਨੂੰ ਮੁਫ਼ਤ ਕਾਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਗਿਆ। ਇਸ ਰੋਸ ਮਾਰਚ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਕਿਸਾਨ ਮੋਰਚੇ ਦੇ ਕੌਮੀ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸ਼ਹਿਰ ਦੇ ਲੋਕਾਂ ਨਾਲ ਹੋਏ ਪੁਲਸ ਧੱਕੇ ਦੀ ਸਖ਼ਤ ਨਿਖੇਧੀ ਕਰਦੇ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਜ਼ਗਾਰ ਖੋਹੇ ਜਾ ਰਹੇ ਹਨ। ਉਨ੍ਹਾਂ ਦੁਕਾਨਦਾਰ ਭਾਈਚਾਰੇ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ 8 ਮਈ ਤੋਂ ਸਰਕਾਰ ਦੇ ਲਾਕਡਾਊਨ ਦਾ ਵਿਰੋਧ ਕਰਦੇ ਹੋਏ ਦੇਸ਼ ਭਰ ਵਿਚ ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਖੋਲ੍ਹਣ।
 ਕਰੀਬ 3 ਘੰਟੇ ਤੱਕ ਜਾਰੀ ਰਹੇ ਇਸ ਧਰਨੇ ਕਾਰਨ ਆਵਾਜਾਈ ਵੀ ਠੱਪ ਰਹੀ ਅਤੇ ਉਪ ਪੁਲਸ ਕਪਤਾਨ ਜਸਵਿੰਦਰ ਸਿੰਘ ਚਹਿਲ ਵੱਲੋ ਧਰਨਾਕਾਰੀਆਂ ਨੂੰ ਉਚਿਤ ਕਾਰਵਾਈ ਦਾ ਭਰੋਸਾ ਦੇਣ 'ਤੇ ਹੀ ਧਰਨਾ ਚੁੱਕਿਆ ਗਿਆ।

Babita

This news is Content Editor Babita