ਐੱਸ. ਸੀ. ਵਿਦਿਆਰਥੀਆਂ ਤੋਂ ਫੀਸਾਂ ਲੈਣ ਦੇ ਵਿਰੋਧ ’ਚ ਸਟੂਡੈਂਟਸ ਯੂਨੀਅਨ ਵੱਲੋਂ ਧਰਨਾ

07/18/2018 7:26:07 AM

 ਫ਼ਰੀਦਕੋਟ (ਹਾਲੀ) - ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਐੱਸ. ਸੀ. ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਭਰਵਾਈਆਂ ਜਾਂਦੀਆਂ ਫ਼ੀਸਾਂ ਦੇ ਵਿਰੋਧ ਵਿਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਪੀ. ਐੱਸ. ਯੂ. ਦੇ ਜ਼ੋਨਲ ਪ੍ਰਧਾਨ ਹਰਦੀਪ ਕੋਟਲਾ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦੋ ਤਰ੍ਹਾਂ ਦੀਆਂ ਫ਼ੀਸਾਂ ਹੁੰਦੀਆਂ ਹਨ, ਇਕ ਮੋਡ਼ਨਯੋਗ ਅਤੇ ਦੂਸਰੀ ਨਾ ਮੋਡ਼ਨਯੋਗ ਫ਼ੀਸ। ਇਸ ਸਕੀਮ ਤਹਿਤ ਐੱਸ. ਸੀ. ਵਿਦਿਆਰਥੀ ਸਿਰਫ ਮੋਡ਼ਨਯੋਗ ਹੀ ਫੀਸਾਂ ਭਰ ਸਕਦੇ ਹਨ, ਜਿਸ ’ਚ ਸਿਰਫ਼ ਸਕਿਓਰਿਟੀ ਫ਼ੀਸ ਹੀ ਅਜਿਹੀ ਫ਼ੀਸ ਹੈ, ਜਿਹਡ਼ੀ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ ਵਾਪਸ ਮਿਲ ਜਾਂਦੀ ਹੈ।
ਇਸ ਤਹਿਤ ਸਰਕਾਰੀ ਕਾਲਜਾਂ ’ਚ ਵਿਦਿਆਰਥੀਆਂ ਕੋਲੋਂ 500 ਰੁਪਏ ਲੈ ਕੇ ਦਾਖਲਾ ਦਿੱਤਾ ਗਿਆ ਪਰ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਚ ਨਾ ਮੋਡ਼ਨਯੋਗ ਫ਼ੀਸਾਂ ਲਈਆਂ ਜਾ ਰਹੀਆਂ ਹਨ, ਜਿਸ ਦਾ ਵਿਦਿਆਰਥੀਆਂ ’ਤੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਸਕੀਮ ਤਹਿਤ ਐੱਸ. ਸੀ. ਵਿਦਿਆਰਥੀਆਂ ਤੋਂ ਜਿਨ੍ਹਾਂ ਦੀ ਆਮਦਨ 2.5 ਲੱਖ ਤੋਂ ਘੱਟ ਹੈ, ਕਿਸੇ ਵੀ ਤਰ੍ਹਾਂ ਦੀ ਨਾ ਮੋਡ਼ਨਯੋਗ ਫ਼ੀਸ ਜਾਂ ਫ਼ੰਡ ਨਹੀਂ ਵਸੂਲੇ ਜਾ ਸਕਦੇ ਪਰ ਸ਼ਹਿਰ ਦੇ ਹੋਰ ਵੀ ਕਈ ਕਾਲਜਾਂ ਵਿਚ ਇਸ ਤਰ੍ਹਾਂ ਦੀ ਫ਼ੀਸ ਲਈ ਜਾ ਰਹੀ ਹੈ, ਜੋ ਬਿਲਕੁਲ ਨਾਜਾਇਜ਼ ਹੈ।
ਵਿਦਿਆਰਥੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਬਿਨਾਂ ਫ਼ੀਸਾਂ ਤੋਂ ਨਹੀਂ ਕੀਤੇ ਜਾਂਦੇ, ਉਦੋਂ ਤੱਕ ਫ਼ੀਸਾਂ ਦਾ ਬਾਈਕਾਟ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਖਪ੍ਰੀਤ ਕੌਰ, ਕਾਲਜ ਕਮੇਟੀ ਮੈਂਬਰ ਸਾਹਿਲਦੀਪ ਸਿੰਘ, ਮਨਦੀਪ ਕੌਰ, ਅਰਸ਼ਦੀਪ ਕੌਰ, ਜਗਦੀਪ ਸਿੰਘ, ਕਮਲਪ੍ਰੀਤ ਕੌਰ, ਪ੍ਰਭਜੋਤ ਕੌਰ, ਮੋਨਿਕਾ, ਗੁਰਪ੍ਰੀਤ ਸਿੰਘ ਆਦਿ ਨੇ ਵੀ
ਸੰਬੋਧਨ ਕੀਤਾ।
 ਕੋਟਕਪੂਰਾ, (ਨਰਿੰਦਰ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਦੀ ਫੀਸ ਮੁਆਫ ਹੋਣ ਦੇ ਬਾਵਜੂਦ ਫੀਸ ਭਰਵਾਏ ਜਾਣ ਵਿਰੁੱਧ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪ੍ਰਿੰਸੀਪਲ ਦੇ ਦਫਤਰ ਅੱਗੇ ਧਰਨਾ ਦੇ ਕੇ ਫੀਸਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ।
ਇਸ ਦੌਰਾਨ ਜਥੇਬੰਦੀ ਦੇ ਜ਼ਿਲਾ ਸਕੱਤਰ ਕੇਸ਼ਵ ਅਾਜ਼ਾਦ,  ਗੁਰਵਿੰਦਰ ਸਿੰਘ ਅਤੇ ਲੱਕੀ ਸੰਧਵਾਂ ਨੇ ਕਿਹਾ ਕਿ ਸਾਲਾਨਾ ਢਾਈ ਲੱਖ ਤੱਕ ਆਮਦਨ ਵਾਲੇ ਹਰ ਵਰਗ ਦੇ ਵਿਦਿਆਰਥੀ ਅਤੇ ਲਡ਼ਕੀਆਂ ਦੀ ਸਮੁੱਚੀ ਵਿੱਦਿਆ ਬਿਲਕੁਲ ਮੁਫਤ ਹੋਣੀ ਚਾਹੀਦੀ ਹੈ। ਵਰਿੰਦਰ ਲਾਹੌਰੀਆ, ਬਲਜਿੰਦਰ ਸਿੰਘ ਅਤੇ ਰਮਨਜੀਤ ਕੌਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ  ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਸੰਘਰਸ਼ ਹੋਰ ਤੇਜ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਸਮੇਂ ਸ਼ਿਵਾਨੀ, ਰੋਹਿਤ ਅਤੇ ਹਰਵਿੰਦਰ ਸਿੰਘ ਨੇ ਵੀ ਵਿਦਿਆਰਥੀਅਾਂ ਨੂੰ ਸੰਬੋਧਨ ਕੀਤਾ।
 ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਫੀਸਾਂ ਦੇ ਵਾਧੇ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਧਰਨਾ ਦਿੱਤਾ ਗਿਆ। ਇਸ ਸਮੇਂ ਪੀ. ਐੱਸ. ਯੂ. ਦੀ ਜ਼ਿਲਾ ਪ੍ਰਧਾਨ ਸੁਖਮੰਦਰ ਕੌਰ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਹਰ ਸਾਲ ਫੀਸਾਂ ਵਿਚ ਵਾਧਾ ਕਰ ਕੇ ਵਿਦਿਆਰਥਣਾਂ ਉੱਪਰ ਆਰਥਕ ਬੋਝ ਪਾ ਰਹੀ ਹੈ। ਕਾਲਜ ’ਚ ਪੀ. ਟੀ. ਏ. ਫੰਡ ਪਹਿਲਾਂ 2 ਹਜ਼ਾਰ ਰਪਏ ਸੀ ਪਰ ਉਸ ’ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਸ. ਸੀ. ਵਿਦਿਆਰਥਣਾਂ ਦੀ ਪੂਰੀ ਫੀਸ ਮੁਆਫ਼ ਹੋਣ ਦੇ ਬਾਵਜੂਦ ਮੈਨੇਜਮੈਂਟ ਉਨ੍ਹਾਂ ਕੋਲੋਂ ਵਾਧੂ ਫੀਸਾਂ ਭਰਵਾ ਕੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਕਰ ਰਹੀ ਹੈ।
ਇਸ ਦੌਰਾਨ ਧੀਰਜ ਕੁਮਾਰ ਅਤੇ ਸਤਵੀਰ ਕੌਰ ਨੇ ਐਲਾਨ ਕਰਦਿਅਾਂ ਕਿਹਾ ਕਿ ਉਹ ਫੀਸ ਅਤੇ ਫੰਡ ਨਹੀਂ ਭਰਨਗੇ ਅਤੇ ਉਨ੍ਹਾਂ ਨੇ ਰੋਸ ਵਜੋਂ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ ਕਰ ਕੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੀ. ਟੀ. ਏ. ਫੰਡ ਦਾ ਬਾਈਕਾਟ ਕਰ ਦਿੱਤਾ ਹੈ। ਵਿਦਿਆਰਥਣਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਅਾਂ ਜਾਂਦੀਅਾਂ, ਉਦੋਂ ਤੱਕ ਉਹ ਆਪਣਾ ਸੰੰਘਰਸ਼ ਜਾਰੀ ਰੱਖਣਗੇ। ਇਸ ਸਮੇਂ ਹਨੀ ਮਹਾਬੱਧਰ, ਰਮਨਦੀਪ ਕੌਰ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੌਰ, ਰਜਨੀ ਕੌਰ ਆਦਿ ਮੌਜੂਦ ਸਨ।