ਡਾਕਟਰਾਂ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ

05/12/2018 1:18:30 AM

ਹੁਸ਼ਿਆਰਪੁਰ, (ਅਮਰਿੰਦਰ)- ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਬੀਤੀ 23 ਅਪ੍ਰੈਲ ਨੂੰ ਸਿਹਤਮੰਦ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਿਆਦਾ ਖੂਨ ਰਿਸ ਜਾਣ ਕਾਰਨ ਪੀ. ਜੀ. ਆਈ. ਰੈਫਰ ਕਰਨ ਦੌਰਾਨ ਔਰਤ ਸਪਨਾ ਦੀ ਮੌਤ 'ਤੇ ਹੁਣ ਪੋਸਟਮਾਰਟਮ ਰਿਪੋਰਟ 'ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਿਵਲ ਹਸਪਤਾਲ ਦੇ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। 
ਰੋਹ 'ਚ ਆਏ ਪਰਿਵਾਰਕ ਮੈਂਬਰਾਂ ਨੇ ਅੱਜ ਦੁਪਹਿਰ 12 ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਮੇਨ ਗੇਟ ਦੇ ਸਾਹਮਣੇ ਧਰਨਾ ਦੇ ਕੇ ਦੋਸ਼ੀ ਡਾਕਟਰਾਂ ਦੀ ਬਰਖਾਸਤਗੀ ਦੀ ਮੰਗ ਕੀਤੀ ਤੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਅਤੇ ਟ੍ਰੈਫ਼ਿਕ ਚਾਲੂ ਕਰਵਾਇਆ। ਪੁਲਸ ਦੇ ਦਬਾਅ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਅੜੇ ਹੋਏ ਸਨ ਅਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਸਿਵਲ ਸਰਜਨ ਜਾਂ ਐੱਸ. ਐੱਮ. ਓ. ਆ ਕੇ ਦੱਸਣ ਕਿ ਦੋਸ਼ੀ ਡਾਕਟਰ ਖਿਲਾਫ਼ ਕੀ ਕਾਰਵਾਈ ਕੀਤੀ ਗਈ ਹੈ, ਤਾਂ ਹੀ ਧਰਨਾ ਹਟਾਇਆ ਜਾਵੇਗਾ। ਕਰੀਬ 2 ਘੰਟੇ ਬਾਅਦ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਨੋਦ ਸਰੀਨ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸੋਮਵਾਰ ਤੱਕ ਦਾ ਸਮਾਂ ਦਿੱਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਹਟਾਇਆ ਗਿਆ। 
ਧਰਨੇ ਦੌਰਾਨ ਮ੍ਰਿਤਕਾ ਸਪਨਾ ਪੁੱਤਰੀ ਸ਼ਿਵ ਕੁਮਾਰ ਵਾਸੀ ਤਾਰ ਘਰ ਵਕੀਲਾਂ ਬਾਜ਼ਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਪਨਾ ਦਾ ਵਿਆਹ ਸਾਲ 2011 ਵਿਚ ਲੁਧਿਆਣਾ ਦੇ ਵਾਸੀ ਦੀਪਕ ਨਾਲ ਹੋਇਆ ਸੀ। ਸਪਨਾ ਨੇ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਹੁਣ ਦੂਸਰੇ ਬੱਚੇ ਦੀ ਡਿਲਵਰੀ ਲਈ 22 ਅਪ੍ਰੈਲ ਨੂੰ ਦੇਰ ਰਾਤ ਸਿਵਲ ਹਸਪਤਾਲ ਵਿਖੇ ਦਾਖ਼ਲ  ਕਰਵਾਇਆ ਗਿਆ ਸੀ। ਅਗਲੇ ਦਿਨ 12 ਵਜ ਕੇ 3 ਮਿੰਟ 'ਤੇ ਸਿਹਤਮੰਦ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸਪਨਾ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਅਤੇ ਸਰੀਰ ਪੀਲਾ ਪੈਣ ਲੱਗ ਪਿਆ। ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ 3.30 ਵਜੇ ਉਸਨੂੰ ਪੀ. ਜੀ. ਆਈ. ਲਈ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਸਾਡੇ ਵੱਲੋਂ ਪੁੱਛੇ ਜਾਣ 'ਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਹਸਪਤਾਲ 'ਚ ਗਾਇਨੋਲੋਜਿਸਟ ਮਹਿਲਾ ਮਾਹਰ ਡਾਕਟਰ ਨਹੀਂ ਹੈ। ਡਿਲਵਰੀ ਤੋਂ ਬਾਅਦ ਖੂਨ ਲਗਾਤਾਰ ਰਿਸਣ ਕਾਰਨ ਸਪਨਾ ਦੀ ਪੀ. ਜੀ. ਆਈ. ਲਿਜਾਂਦੇ ਸਮੇਂ ਮੌਤ ਹੋ ਗਈ। ਉਨ੍ਹਾਂ ਪੁਲਸ ਨੂੰ ਅਪੀਲ ਕੀਤੀ ਕਿ ਦੋਸ਼ੀ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਬਰਖਾਸਤ ਕੀਤਾ ਜਾਵੇ।
ਸੋਮਵਾਰ ਤੱਕ ਕਾਰਵਾਈ ਨਾ ਹੋਣ 'ਤੇ ਜ਼ੋਰਦਾਰ ਪ੍ਰਦਰਸ਼ਨ ਦੀ ਚਿਤਾਵਨੀ
ਚੱਕਾ ਜਾਮ ਹੋਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ. ਐੱਮ. ਓ. ਡਾ. ਵਿਨੋਦ ਸਰੀਨ ਤੇ ਹੋਰ ਮੈਡੀਕਲ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਸਿਵਲ ਸਰਜਨ ਡਾ. ਰੇਣੂ ਸੂਦ ਅੱਜ ਛੁੱਟੀ 'ਤੇ ਹਨ। ਮ੍ਰਿਤਕਾ ਦੀ ਮੌਤ ਦੀ ਵਜ੍ਹਾ ਤੇ ਪੋਸਟਮਾਰਟਮ ਰਿਪੋਰਟ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਮਾਮਲੇ 'ਤੇ ਵਿਚਾਰ ਕੀਤਾ ਜਾਵੇਗਾ। ਡਾਕਟਰਾਂ ਦੇ ਸੋਮਵਾਰ ਤੱਕ ਇੰਤਜਾਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਜੋਰਦਾਰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। 
ਵਰਨਣਯੋਗ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਦਿਨ-ਰਾਤ ਗਰਭਵਤੀ ਔਰਤਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਉਥੇ ਦੂਜੇ ਪਾਸੇ ਨਾ ਸਿਰਫ ਹੁਸ਼ਿਆਰਪੁਰ ਬਲਕਿ ਪੰਜਾਬ ਦੇ ਕਈ ਜ਼ਿਲਾ ਤੇ ਤਹਿਸੀਲ ਪੱਧਰ 'ਤੇ ਸਰਕਾਰੀ ਹਸਪਤਾਲਾਂ  'ਚ ਔਰਤ ਰੋਗ ਮਾਹਰ ਡਾਕਟਰਾਂ ਦੀ ਕਮੀ ਸਮੱਸਿਆ ਬਣੀ ਹੋਈ ਹੈ। ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਪਿਛਲੇ 4 ਸਾਲਾਂ ਤੋਂ ਵੱਧ ਦਾ ਸਮਾਂ ਬੀਤ ਜਾਣ 'ਤੇ ਵੀ ਇਥੇ ਮਹਿਲਾ ਰੋਗ ਮਾਹਰ ਡਾਕਟਰਾਂ ਦੇ ਅਹੁੱਦੇ ਖਾਲੀ ਹਨ ਤੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ 23 ਅਪ੍ਰੈਲ ਨੂੰ ਸਪਨਾ ਦੀ ਮੌਤ ਤੋਂ ਬਾਅਦ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਯਤਨਾਂ ਸਦਕਾ ਹੁਣ ਔਰਤ ਰੋਗਾਂ ਦੀ ਮਾਹਰ ਡਾਕਟਰਾਂ ਅਸਥਾਈ ਤੌਰ 'ਤੇ ਤਾਇਨਾਤ ਕਰ ਦਿੱਤੀ ਗਈ ਹੈ ਪਰ ਲੋੜ ਹੈ ਰੈਗੂਲਰ ਡਾਕਟਰ ਦੀ ਤਾਇਨਾਤੀ ਦੀ।
ਸਿਵਲ ਹਸਪਤਾਲ ਦੇ ਮੇਨ ਗੇਟ 'ਤੇ ਜਾਮ ਲਗਾ ਕੇ ਦੋਸ਼ੀ ਡਾਕਟਰਾਂ ਦੀ ਬਰਖਾਸਤਗੀ ਦੀ ਮੰਗ ਕਰਦੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ।