ਪ੍ਰਾਈਵੇਟ ਡਾਕਟਰ ਨਗਰ ਨਿਗਮ ਖਿਲਾਫ ਉਤਰੇ ਸੜਕਾਂ ’ਤੇ

07/13/2018 12:17:58 AM

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ) - ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਪ੍ਰਾਈਵੇਟ ਹਸਪਤਾਲਾਂ ਦੀਆਂ ਇਮਾਰਤਾਂ ਦੇ ਨਿਰਮਾਣ ਕਾਰਜ ਮੌਕੇ ਕਥਿਤ ਤੌਰ ’ਤੇ ਅਣਦੇਖੀ ਕਰਨ ਦਾ ਮਾਮਲਾ ਅੱਜ ਉਸ ਸਮੇਂ ਗਰਮਾ ਗਿਆ, ਜਦ ਇਸ ਮਾਮਲੇ ਨੂੰ ਬੇਬੁਨਿਆਦ ਦੱਸਦਿਆਂ ਮੋਗਾ ਦੇ ਸਮੂਹ ਪ੍ਰਾਈਵੇਟ ਡਾਕਟਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੈਨਰ ਹੇਠ ਸਰਕਾਰ ਅਤੇ ਨਗਰ ਨਿਗਮ ਖਿਲਾਫ ਸਡ਼ਕਾਂ ’ਤੇ ਉੁਤਰ ਆਏ।
ਅੱਜ ਇਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਕੀਤੇ  ਗਏ ਮੋਗਾ ਬੰਦ ਦੇ ਐਲਾਨ ਨੂੰ  ਜਿਥੇ ਸ਼ਹਿਰ ਵਾਸੀਆਂ ਵੱਲੋਂ ਰਲਵਾਂ-ਮਿਲਵਾਂ ਹੀ ਹੁੰਗਾਰਾ ਮਿਲਿਆ ਅਤੇ ਕਈ ਦੁਕਾਨਦਾਰਾਂ ਨਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਬਹਿਸਬਾਜ਼ੀ ਵੀ ਹੋਈ, ਉਥੇ  ਹੀ 100 ਦੇ ਕਰੀਬ ਪ੍ਰਾਈਵੇਟ ਡਾਕਟਰਾਂ ਨੇ ਆਪਣੇ ਹਸਪਤਾਲਾਂ ਨੂੰ ਬੰਦ ਰੱਖ ਕੇ ਸਰਕਾਰ ਅਤੇ ਨਗਰ ਨਿਗਮ ਖਿਲਾਫ ਸ਼ਹਿਰ ’ਚ ਰੋਸ ਮਾਰਚ ਕੀਤਾ। ਦੂਸਰੇ ਪਾਸੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਆਪਣਾ ਸਮਰਥਨ ਦਿੰਦੇ ਹੋਏ ਸ਼ਹਿਰ ਬੰਦ ਕਰਵਾਉਣ ’ਚ ਆਪਣਾ ਸਹਿਯੋਗ ਦਿੱਤਾ ਗਿਆ।  ਇਸ  ਮੌਕੇ  ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੀਵ ਮਿੱਤਲ ਨੇ ਕਿਹਾ ਕਿ ਸਰਕਾਰ ਵੱਲੋਂ ਨਗਰ ਨਿਗਮ ਦੁਆਰਾ ਸ਼ਹਿਰ ਨਿਵਾਸੀਆਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁੱਕਾ ਹੈ। ਨਗਰ ਨਿਗਮ ਦੀ ਇਸ ਧੱਕੇਸ਼ਾਹੀ ਲਈ ਅੱਜ ‘ਮੋਗਾ ਬੰਦ’ ਦਾ ਕਦਮ ਚੁੱਕਿਆ ਗਿਆ ਹੈ ਅਤੇ ਇਸ ਸੰਘਰਸ਼ ਨੂੰ ਅੱਗੇ ਵੀ ਇਸ ਤਰ੍ਹਾਂ ਜਾਰੀ ਰੱਖਿਆ ਜਾਵੇਗਾ।
ਡਾ. ਸੰਜੀਵ ਮਿੱਤਲ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਇਸ ਤਰ੍ਹਾਂ ਧੱਕੇਸ਼ਾਹੀ ਕਰ ਕੇ ਸਾਡਾ ਨੁਕਸਾਨ ਨਾ ਕਰੇ ਬਲਕਿ ਕੰਪਾਊਂਡ ਫੀਸ ਆਦਿ ਭਰਨ ਦਾ ਕੋਈ ਅਜਿਹਾ ਨਿਯਮ ਲਾਗੂ ਕਰੇ ਜਾਂ ਨਿਯਮਾਂ ’ਚ ਕੋਈ ਅਜਿਹੀ ਸੋਧ ਕਰ ਦੇਵੇ, ਜਿਸ ਨਾਲ ਅਸੀਂ ਬਣਦੀਆਂ ਫੀਸਾਂ ਦੀ ਅਦਾਇਗੀ ਕਰ ਕੇ ਇਸ ਮਾਮਲੇ ਦਾ ਹੱਲ ਕੱਢ ਸਕੀਏ।
ਕੀ ਹੈ ਸਾਰਾ ਮਾਮਲਾ
 ਜਾਣਕਾਰੀ ਅਨੁਸਾਰ ਬੀਤੇ ਦਿਨ ਆਰ. ਟੀ. ਆਈ. ਵਰਕਰ ਸੁਰੇਸ਼ ਸੂਦ ਵੱਲੋਂ ਮਾਣਯੋਗ ਹਾਈਕੋਰਟ ’ਚ ਹਸਪਤਾਲਾਂ ਦੇ ਸੰਚਾਲਕਾਂ ਵੱਲੋਂ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਤਿਆਰ ਕਰਨ ਸਮੇਂ ਕੀਤੀ  ਗਈ ਨਿਯਮਾਂ ਦੀ ਅਣਦੇਖੀ ਖਿਲਾਫ ਪਬਲਿਕ ਪਟੀਸ਼ਨ ਦਰਜ ਕਰਵਾਈ ਗਈ ਸੀ। ਇਸ ਦੇ ਬਾਅਦ ਨਗਰ ਨਿਗਮ ਵੱਲੋਂ ਵੱਖ-ਵੱਖ ਹਸਪਤਾਲਾਂ ਨੂੰ ਨੋਟਿਸ ਵੀ ਭੇਜੇ ਗਏ ਸਨ ਪਰ ਇਸ ਨੂੰ ਅਣਦੇਖਾ ਕਰਨ ’ਤੇ ਨਗਰ ਨਿਗਮ ਦੀ ਟੀਮ ਵੱਲੋਂ ਮੰਗਲਵਾਰ ਨੂੰ ਕਾਰਵਾਈ ਕਰਦੇ ਸਮੇਂ  ਸਿਵਲ ਲਾਈਨ ਅਤੇ ਦੁਸਹਿਰਾ ਗਰਾਊਂਡ ਰੋਡ ’ਤੇ ਸਥਿਤ ਪ੍ਰਾਈਵੇਟ ਹਸਪਤਾਲਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਮਾਣਯੋਗ ਹਾਈਕੋਰਟ ’ਚ ਵਿਚਾਰ ਅਧੀਨ ਹੈ ਪਰ ਫਿਰ ਵੀ ਨਿਯਮਾਂ ਨੂੰ ਨਜ਼ਰ-ਅੰਦਾਜ਼ ਕਰਨ ’ਤੇ ਨਗਰ ਨਿਗਮ ਵੱਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਰ ਪ੍ਰਾਈਵੇਟ ਡਾਕਟਰ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਬਣਾਏ ਗਏ ਨਿਯਮ ਵੱਡੇ-ਵੱਡੇ ਮੈਡੀਕਲ ਕਾਲਜਾਂ ਨੂੰ ਦੇਖਦੇ ਹੋਏ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਕਾਰਨਾ ਬਹੁਤ ਮੁਸ਼ਕਲ ਹੈ। ਸਰਕਾਰ ਨੂੰ ਇਨ੍ਹਾਂ ਨਿਯਮਾਂ ’ਚ ਸੋਧ ਕਰਨ ਦੀ ਜ਼ਰੂਰਤ ਹੈ ਅਤੇ ਨਗਰ ਨਿਗਮ ਦੀ ਇਸ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
 ਐਂਟੀ ਕੁਰੱਪਸ਼ਨ ਅਵੇਅਰਨੈੱਸ ਕਰੇਗੀ ਆਈ. ਐੱਮ. ਏ. ਦਾ ਪੂਰਨ ਸਹਿਯੋਗ : ਸਚਦੇਵਾ
 ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਸਮਰਥਨ ਦਿੰਦਿਆਂ ਐਂਟੀ ਕੁਰੱਪਸ਼ਨ ਅਵੇਅਰਨੈੱਸ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਨੇ ਕਿਹਾ ਕਿ ਸਾਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰ  ਨੂੰ ਤਾਂ ਭਗਵਾਨ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ, ਜੇਕਰ ਨਗਰ ਨਿਗਮ ਇਨ੍ਹਾਂ ਨੂੰ ਪ੍ਰੇਸ਼ਾਨ ਕਰੇਗੀ ਤਾਂ ਅਸੀਂ ਕਿਸੇ ਵੀ ਕੀਮਤ ’ਤੇ ਚੁੱਪ ਨਹੀਂ ਬੈਠਾਂਗੇ।
ਇਹ ਸਨ ਪ੍ਰਦਰਸ਼ਨ ’ਚ ਸ਼ਾਮਲ
 ‘ਮੋਗਾ ਬੰਦ ਦੌਰਾਨ’ ਪ੍ਰਦਰਸ਼ਨ ’ਚ ਡਾ. ਸੰਜੀਵ ਮਿੱਤਲ, ਡਾ. ਪੀ. ਐੱਮ. ਮਹਾਜਨ, ਡਾ. ਅਰੁਣ ਅਗਰਵਾਲ, ਡਾ. ਗੌਰਵ, ਡਾ. ਨਿਤਿਨ, ਡਾ. ਸੁਮੇਸ਼ ਖੰਨਾ, ਡਾ. ਰਾਜੀਵ ਗੁਪਤਾ, ਡਾ. ਦਵਿੰਦਰ ਸਿੱਧੂ, ਡਾ. ਅੰਮ੍ਰਿਤਪਾਲ ਸਿੰਘ ਸੋਢੀ, ਡਾ. ਰਛਪਾਲ ਸਿੰਘ ਸੋਢੀ, ਡਾ. ਗੁਰਪ੍ਰੀਤ ਅੌਲਖ, ਡਾ. ਸਤੀਸ਼ ਕੌਡ਼ਾ, ਬਜਰੰਗ ਦਲ ਦੇ ਰਾਜਪਾਲ ਠਾਕੁਰ, ਰਜਿੰਦਰ ਸਿੰਘ ਲੱਕੀ, ਰਿਸ਼ਵ ਸ਼ਰਮਾ, ਅਮਿਤ ਅਰੋਡ਼ਾ, ਮਹੇਸ਼ ਬੋਹਤ, ਕਰਤਵਿਆ ਧਮੀਜਾ, ਕੁਨਾਲ ਬਾਂਸਲ, ਹਰੀਸ਼ ਜੋਸ਼ੀ, ਰਸਿਕ ਗੁਪਤਾ, ਹਰੀਸ਼ ਠਾਕੁਰ, ਅਗਰਵਾਲ ਸਭਾ ਦੇ ਗਗਨ ਨੋਹਰੀਆ, ਸੌਰਵ, ਰਾਜ ਕੁਮਾਰ ਗੋਲੂ, ਰਾਜੀਵ ਦਸੂਆ, ਵਿਕਾਸ ਬਾਂਸਲ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਹਾਜ਼ਰ ਸਨ।