ਪੁਲਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਸ਼ਹਿਰ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

01/08/2018 7:47:06 AM

ਜੈਤੋ  (ਜਿੰਦਲ, ਪਰਾਸ਼ਰ) - ਪਿਛਲੇ 20 ਦਿਨਾਂ 'ਚ ਸ਼ਹਿਰ ਵਿਚ ਪੂਰੀ ਆਬਾਦੀ ਵਾਲੇ ਇਲਾਕੇ ਅੰਦਰ 3 ਘਰਾਂ ਵਿਚ ਦਿਨ-ਦਿਹਾੜੇ ਪੈ ਰਹੇ ਡਾਕਿਆਂ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਵੱਲੋਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਨੂੰ ਮੁਕੰਮਲ ਬੰਦ ਰੱਖਿਆ ਗਿਆ।
ਇਸ ਮੁੱਦੇ ਨੂੰ ਲੈ ਕੇ ਸ਼ਹਿਰ ਦੇ ਕੁਝ ਅਗਾਂਹਵਧੂ ਨੌਜਵਾਨਾਂ ਦੀ ਅਗਵਾਈ ਹੇਠ ਪੰਚਾਇਤੀ ਗਊਸ਼ਾਲਾ ਜੈਤੋ ਵਿਖੇ ਵਪਾਰੀਆਂ, ਧਾਰਮਿਕ, ਸਮਾਜਿਕ, ਸਿੱਖਿਅਕ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਇਕ ਅਹਿਮ ਬੈਠਕ ਆਯੋਜਿਤ ਕੀਤੀ ਗਈ। ਇਸ ਸਮੇਂ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਏ ਫੈਸਲੇ ਮੁਤਾਬਕ ਸਾਰਿਆਂ ਵੱਲੋਂ ਸਾਂਝੇ ਤੌਰ 'ਤੇ ਪੂਰੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਐੱਸ. ਐੱਚ. ਓ. ਨੂੰ ਸਸਪੈਂਡ ਕਰਨ ਦੀ ਕੀਤੀ ਮੰਗ
ਸ਼ਹਿਰ 'ਚ ਰੋਸ ਪ੍ਰਦਰਸ਼ਨ ਉਪਰੰਤ ਸਾਰੇ ਲੋਕ ਚੌਕ ਨੰ. 3 (ਬਾਜਾ ਚੌਕ) 'ਚ ਧਰਨਾ ਲਾ ਕੇ ਬੈਠ ਗਏ ਅਤੇ ਜਾਮ ਲਾ ਦਿੱਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਥਾਣਾ ਜੈਤੋ ਵਿਖੇ ਤਾਇਨਾਤ ਐੱਸ. ਐੱਚ. ਓ. ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਐੱਸ. ਐੱਚ. ਓ. ਨੂੰ ਸਸਪੈਂਡ ਨਹੀਂ ਕੀਤਾ ਜਾਂਦਾ, ਉਦੋਂ ਤੱਕ ਲੋਕਾਂ ਵੱਲੋਂ ਪ੍ਰਦਰਸ਼ਨ ਜਾਰੀ ਰਹੇਗਾ। ਬੁਲਾਰਿਆਂ ਦਾ ਕਹਿਣਾ ਸੀ ਕਿ ਪੁਲਸ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਕਰਨ ਲਈ ਤਨਖਾਹ ਦਿੱਤੀ ਜਾਂਦੀ ਹੈ, ਜੇਕਰ ਲੋਕਾਂ ਦੀ ਸੁਰੱਖਿਆ ਹੀ ਯਕੀਨੀ ਨਹੀਂ ਹੈ ਤਾਂ ਇਨ੍ਹਾਂ ਨੂੰ ਕਾਹਦੀ ਤਨਖਾਹ ਦਿੱਤੀ ਜਾਂਦੀ ਹੈ।