ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਮੰਗੀ ਭੀਖ, ਜਾਣੋ ਕਿਉਂ (ਵੀਡੀਓ)

07/18/2018 3:51:53 PM

ਚੰਡੀਗੜ੍ਹ (ਸੰਜੇ, ਮਨਮੋਹਨ) : ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਬੁੱਧਵਾਰ ਸਵੇਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਬਾਹਰ ਖਾਲੀ ਭਾਂਡੇ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਭੀਖ ਮੰਗੀ। ਇਹ ਲੋਕ ਡੀ. ਏ. ਦੀ ਕਿਸ਼ਤ ਨਾ ਮਿਲਣ ਅਤੇ ਆਪਣੀ ਤਨਖਾਹ ਸਮੇਂ 'ਤੇ ਨਾ ਮਿਲਣ ਕਾਰਨ ਰੋਸ ਪ੍ਰਗਟ ਕਰ ਰਹੇ ਸਨ। ਇਨ੍ਹਾਂ ਮੁਲਾਜ਼ਮਾਂ ਨੇ ਹੱਥਾਂ 'ਚ ਖਾਲੀ ਭਾਂਡੇ ਫੜ੍ਹੇ ਹੋਏ ਸਨ ਅਤੇ ਭੀਖ ਮੰਗ ਰਹੇ ਸਨ ਕਿਉਂਕਿ ਇਨ੍ਹਾਂ ਮੁਤਾਬਕ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਭਿਖਾਰੀ ਬਣਾ ਦਿੱਤਾ ਹੈ।
ਇਨ੍ਹਾਂ ਮੁਲਾਜ਼ਮਾਂ ਮੁਤਾਬਕ ਮੰਤਰੀ ਅਤੇ ਵਿਧਾਇਕ ਆਪਣੀਆਂ ਨਵੀਆਂ ਗੱਡੀਆਂ 'ਤੇ ਮਨਚਾਹਿਆ ਖਰਚਾ ਕਰਦੇ ਹਨ ਪਰ ਸਮੇਂ 'ਤੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਸਕੱਤਰੇਤ ਦੇ ਅੰਦਰ ਇਹ ਲੋਕ ਪੰਜਾਬ ਸਰਕਾਰ ਅਤੇ ਮਨਪ੍ਰੀਤ ਬਾਦਲ ਦੇ ਵਿਰੋਧ 'ਚ ਨਾਅਰੇ ਲਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਨ੍ਹਾਂ ਲੋਕਾਂ ਨੇ ਰੈਲੀ ਦੇ ਰੂਪ 'ਚ ਇਕ ਜਲੂਸ ਵੀ ਸਿਵਲ ਸਕੱਤਰੇਤ ਦੇ ਅੰਦਰ ਕੱਢਿਆ ਅਤੇ ਖਾਲੀ ਭਾਂਡੇ ਖੜਕਾਏ।