ਸੈਂਕੜੇ ਲਿਟਰ ਦੁੱਧ ਸੜਕ ''ਤੇ ਡੋਲ੍ਹਿਆ
Friday, Mar 30, 2018 - 08:12 AM (IST)

ਪਟਿਆਲਾ/ਡਕਾਲਾ (ਜੋਸਨ, ਨਰਿੰਦਰ) - ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਹੁਣ ਉਹ ਨਵੀਆਂ-ਨਵੀਆਂ ਮੁਸੀਬਤਾਂ ਵਿਚ ਘਿਰਦਾ ਵਿਖਾਈ ਦੇ ਰਿਹਾ ਹੈ। ਇਕ ਪਾਸੇ ਕਿਸਾਨ ਨੂੰ ਕਰਜ਼ੇ ਦੀ ਮਾਰ, ਦੂਜੇ ਪਾਸੇ ਦੁੱਧ ਦਾ ਪੂਰਾ ਮੁੱਲ ਨਾ ਮਿਲਣਾ ਉਸ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਅੱਜ ਨੇੜਲੇ ਪਿੰਡ ਅਲੀਵਾਲ ਸਟੇਡੀਅਮ ਵਿਖੇ ਦੁੱਧ ਉਤਪਾਦਕ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿਚ ਇਕੱਠੇ ਹੋਏ ਦੋਧੀਆਂ ਨੇ ਸੜਕਾਂ 'ਤੇ ਸੈਂਕੜੇ ਲਿਟਰ ਦੁੱਧ ਡੋਲ੍ਹ ਕੇ ਰੋਸ ਪ੍ਰ੍ਰਗਟਾਇਆ। ਉਨ੍ਹਾਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰਨ ਦੀ ਜ਼ੋਰਦਾਰ ਮੰਗ ਉਠਾਈ। ਦੁੱਧ ਉਤਪਾਦਕਾਂ ਨੇ ਕਿਹਾ ਕਿ ਖੇਤੀ ਦੇ ਨਾਲ-ਨਾਲ ਕਿਸਾਨ ਕੋਲ ਸਿਰਫ਼ ਦੁੱਧ ਹੀ ਇਕ ਲਾਹੇਵੰਦ ਕਿੱਤਾ ਸੀ। ਹੁਣ ਸਰਕਾਰ ਅਤੇ ਦੁੱਧ ਦੀਆਂ ਵੱਡੀਆਂ ਫ਼ੈਕਟਰੀਆਂ ਇਸ ਕਿੱਤੇ ਨੂੰ ਬੌਣਾ ਬਣਾ ਰਹੀਆਂ ਹਨ। ਇਸ ਮੌਕੇ ਦੁੱਧ ਉਤਪਾਦਕ ਯੂਨੀਅਨ ਦੇ ਜਨਰਲ ਸੈਕਟਰੀ ਗੁਰਜੀਤ ਸਿੰਘ, ਮੀਤ ਪ੍ਰ੍ਰਧਾਨ ਰਾਓ ਗੁਰਜਿੰਦਰ ਸਿੰਘ ਅਤੇ ਜ਼ਿਲਾ ਪ੍ਰਧਾਨ ਜਨਕ ਸਿੰਘ ਮਾਜਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਪਾਸੇ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ। ਦੂਜੇ ਪਾਸੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਦੁੱਧ ਦਾ ਪੂਰਾ ਮੁੱਲ ਨਾ ਦਿੱਤਾ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨਗੇ।
ਇਸ ਦੌਰਾਨ ਬਲਾਕ ਪ੍ਰਧਾਨ ਸੁਰਜੀਤ ਸਿੰਘ ਪਰੌੜ, ਧਰਮਿੰਦਰ ਸਿੰਘ ਠਾਕਰਗੜ, ਜੋਰਾ ਸਿੰਘ, ਰਿਖੀ ਰਾਮ ਸਰਪੰਚ ਤੇਜਾ, ਗੁਰਵਿੰਦਰ ਸਿੰਘ ਪਰੌੜ, ਬਲਵੀਰ ਸਿੰਘ ਮੱਲ੍ਹੀ, ਕੁਲਵੰਤ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਸਰਪੰਚ, ਕਿਰਪਾ ਸਿੰਘ ਉੱਪਲੀ ਤੋਂ ਇਲਾਵਾ ਦੁੱਧ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕ ਹਾਜ਼ਰ ਸਨ।