ਸ਼ਹਿਰ ''ਚ ਜਨਤਕ ਪਖਾਨਿਆਂ ਦੀ ਘਾਟ ਨੇ ਵਧਾਇਆ ਲੋਕਾਂ ''ਚ ਰੋਸ

11/15/2017 11:39:12 AM


ਬਾਘਾਪੁਰਾਣਾ (ਚਟਾਨੀ) - ਸ਼ਹਿਰੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੀ ਸਥਾਨਕ ਨਗਰ ਕੌਂਸਲ ਵੱਲੋਂ ਪਿਛਲੇ ਇਕ ਅਰਸੇ ਤੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਟਾਲਾ ਵਟਦੇ ਆਉਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਹਰੀ ਰਾਮ ਭੱਟੀ ਦੇ ਉੱਦਮ ਸਦਕਾ ਸਫਾਈ ਪ੍ਰਬੰਧਾਂ ਵਿਚ ਤਾਂ ਸੁਧਾਰ ਹੋਇਆ ਹੈ ਪਰ ਸਫਾਈ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਭਾਵੇਂ ਕੌਂਸਲ ਅਧਿਕਾਰੀ ਫੰਡਾਂ ਦੀ ਕਥਿਤ ਕਮੀ ਦਾ ਲੰਮੇ ਸਮੇਂ ਤੋਂ ਢਿੰਡੋਰਾ ਪਿਟਦੇ ਆ ਰਹੇ ਹਨ। 
ਨਾਮਾਤਰ ਰੁਪਏ ਦੀ ਲਾਗਤ ਨਾਲ ਸਿਰ ਚੜ੍ਹਨ ਵਾਲੇ ਪ੍ਰਾਜੈਕਟ ਵੀ ਅਧੂਰੇ ਪਏ ਹੋਣਾ ਅਧਿਕਾਰੀਆਂ ਦੀ ਅਵੇਸਲੀ ਕਾਰਗੁਜ਼ਾਰੀ ਦੀ ਸਪੱਸ਼ਟ ਗਵਾਹੀ ਕਹੀ ਜਾ ਸਕਦੀ ਹੈ। ਸ਼ਹਿਰ ਅਤੇ ਆਸ-ਪਾਸ ਪਿੰਡਾਂ ਦੇ ਲੋਕਾਂ ਦੀ ਪਿਛਲੇ ਇਕ ਅਰਸੇ ਤੋਂ ਵਾਰ-ਵਾਰ ਦੁਹਰਾਈ ਜਾ ਰਹੀ ਜਨਤਕ ਪਖਾਨਿਆਂ ਦੀ ਮੰਗ ਨੇ ਹੁਣ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। 
ਸ਼ਹਿਰ ਦੇ ਮੁੱਖ ਬੱਸ ਅੱਡੇ ਤੋਂ ਇਲਾਵਾ ਹੋਰ ਕਿਤੇ ਵੀ ਪਾਣੀ ਅਤੇ ਸਫਾਈ ਦੀ ਸਹੂਲਤ ਵਾਲਾ ਕੋਈ ਪਖਾਨਾ ਨਹੀਂ। ਸ਼ਹਿਰ 'ਚ ਚੰਨੂੰਵਾਲਾ ਅਤੇ ਮੁੱਦਕੀ ਸੜਕ ਉਪਰ ਮਿੰਨੀ ਬੱਸਾਂ ਅਤੇ ਟੈਂਪੂਆਂ ਦੇ ਦੋ ਵੱਖ-ਵੱਖ ਅੱਡੇ ਹਨ ਪਰ ਦੋਵਾਂ 'ਚੋਂ ਕਿਸੇ ਵੀ ਅੱਡੇ 'ਚ ਜਨਤਕ ਪਖਾਨਾ ਨਹੀਂ ਹੈ। ਸਰਦੀਆਂ ਦੇ ਦਿਨਾਂ 'ਚ ਗਰਮੀਆਂ ਦੇ ਮੁਕਾਬਲੇ ਵਾਰ-ਵਾਰ ਆਉਂਦੇ ਪੇਸ਼ਾਬ ਕਾਰਨ ਖਾਸ ਕਰ ਕੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਕੌਂਸਲ ਮਸਲੇ ਦੇ ਹੱਲ ਲਈ ਗੰਭੀਰ ਨਹੀਂ ਹੈ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਕਈ ਮੋਹਰੀ ਨੁਮਾਇੰਦਿਆਂ ਨੇ ਇਸ ਮਸਲੇ ਨੂੰ ਕਈ ਵਾਰ ਕੌਂਸਲ ਦੇ ਅਧਿਕਾਰੀਆਂ ਅੱਗੇ ਰੱਖਿਆ ਹੈ ਪਰ ਕੌਂਸਲ ਨੇ ਸਿਰਫ ਭਰੋਸਿਆਂ ਨਾਲ ਹੀ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਸਮਾਧ ਭਾਈ ਤੋਂ ਸ਼ਹਿਰ 'ਚ ਖਰੀਦਦਾਰੀ ਕਰਨ ਆਏ ਜਸਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਸ਼ਹਿਰ 'ਚ ਕੋਈ ਵੀ ਜਨਤਕ ਪਖਾਨਾ ਨਾ ਹੋਣ ਕਾਰਨ ਉਨ੍ਹਾਂ ਨੂੰ ਅਕਸਰ ਹੀ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰਾਂ 'ਚ ਇਕ ਅੱਧਾ ਪਖਾਨਾ ਹੈ ਵੀ ਤਾਂ ਸਫਾਈ ਨਾ ਹੋਣ ਕਰ ਕੇ ਉੱਥੇ ਖੜ੍ਹਨਾ ਵੀ ਮੁਸ਼ਕਿਲ ਹੈ। 
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਜਿੰਦਰ ਕਾਲੜਾ ਨੇ ਦੱਸਿਆ ਕਿ ਸ਼ਹਿਰ 'ਚ ਦੋ ਜਨਤਕ ਪਖਾਨੇ 'ਸਵੱਛ ਭਾਰਤ ਮੁਹਿੰਮ' ਤਹਿਤ ਬਣਾਏ ਜਾ ਰਹੇ ਹਨ, ਜਿਨ੍ਹਾਂ ਦੇ ਤਖਮੀਨੇ ਤਿਆਰ ਕਰ ਕੇ ਅਗਲੇਰੀ ਕਾਰਵਾਈ ਅਤੇ ਗ੍ਰਾਂਟ ਜਾਰੀ ਕਰਵਾਉਣ ਵਾਸਤੇ ਭੇਜੇ ਜਾ ਚੁੱਕੇ ਹਨ। ਸ਼੍ਰੀ ਕਾਲੜਾ ਨੇ ਉਮੀਦ ਜਤਾਈ ਕਿ ਸਮੁੱਚੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਪੂਰੀ ਕਰਵਾਈ ਜਾਵੇਗੀ ਅਤੇ ਪਖਾਨਿਆਂ ਦਾ ਨਿਰਮਾਣ ਬਿਨਾਂ ਰੁਕਾਵਟ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।