ਵਰ੍ਹਦੇ ਮੀਂਹ ''ਚ ਹਜ਼ਾਰਾਂ ਮੁਲਾਜ਼ਮਾਂ ਕੀਤਾ ਮੋਤੀ ਮਹਿਲ ਤੱਕ ਰੋਸ ਮਾਰਚ

08/20/2017 8:19:40 AM

ਪਟਿਆਲਾ (ਜੋਸਨ, ਬਲਜਿੰਦਰ, ਪਰਮੀਤ) - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਵੱਲੋਂ ਪਟਿਆਲਾ 'ਚ ਵਰ੍ਹਦੇ ਮੀਂਹ 'ਚ ਮੁੱਖ ਮੰਤਰੀ ਦੇ ਸ਼ਹਿਰ ਵਿਚ ਅਕਾਸ਼ ਗੂੰਜਾਊ ਨਾਅਰੇਬਾਜ਼ੀ ਦੌਰਾਨ ਭਰਵੀਂ ਰੋਸ ਰੈਲੀ ਕੀਤੀ। ਇਸ ਮੌਕੇ ਮੁਲਾਜ਼ਮ ਵੱਲੋਂ ਮੁੱਖ ਮੰਤਰੀ ਦੇ 'ਮੋਤੀ ਮਹਿਲ' ਵੱਲ 'ਧਿਆਨ ਦਿਵਾਊ' ਮਾਰਚ ਕੀਤਾ ਗਿਆ, ਭਾਰੀ ਪੁਲਸ ਫੋਰਸ ਨੇ ਮੁਲਾਜ਼ਮਾਂ ਦੇ ਮਾਰਚ ਨੂੰ ਫੁਹਾਰਾ ਚੌਕ ਨੇੜੇ ਬੈਰੀਕੇਟ ਲਾ ਕੇ ਰੋਕ ਲਿਆ। ਇਥੇ ਵੀ ਮੁਲਾਜ਼ਮਾਂ ਨੇ ਸੜਕ ਜਾਮ ਕਰ ਕੇ ਰੈਲੀ ਸ਼ੁਰੂ ਕੀਤੀ।  ਇਸ ਸਮੇਂ ਮੁੱਖ ਮੰਤਰੀ ਦੇ ਨੁਮਾਇੰਦੇ ਵਜੋਂ ਤਹਿਸੀਲਦਾਰ ਸੁਭਾਸ਼ ਭਾਰਦਵਾਜ ਨੇ ਮੰਗ-ਪੱਤਰ ਲਿਆ ਅਤੇ ਐਲਾਨ ਕੀਤਾ ਕਿ ਮੁਲਾਜ਼ਮਾਂ ਦੀ ਮੀਟਿੰਗ 21 ਅਗਸਤ ਸਵੇਰੇ 10 ਵਜੇ ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਪੰਜਾਬ ਦੇ ਕੋਨੇ-ਕੋਨੇ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਮੁਲਾਜ਼ਮਾਂ ਨੇ ਫਲਾਈਓਵਰ ਪੁਲ ਹੇਠਾਂ ਇਕੱਠੇ ਹੋ ਕੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਵੱਲ ਦਿਵਾਇਆ, ਜਿਸ 'ਚ ਠੇਕਾ ਮੁਲਾਜ਼ਮਾਂ, ਦਿਹਾੜੀਦਾਰ, ਐਡਹਾਕ, ਵਰਕਚਾਰਜ ਅਤੇ ਆਊਟ ਸੋਰਸ ਤੇ ਵੱਖ-ਵੱਖ ਏਜੰਸੀਆਂ/ਠੇਕੇਦਾਰਾਂ ਦੁਆਰਾ ਪ੍ਰਵਾਨਿਤ ਕਰਵਾਏ ਕਰਮਚਾਰੀਆਂ ਦੀਆਂ ਤੇ ਪਾਰਟ ਟਾਈਮ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ, ਠੇਕੇਦਾਰਾਂ/ਏਜੰਸੀਆਂ ਨੂੰ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ 'ਚੋਂ ਬਾਹਰ ਕੱਢ ਕੇ ਵਿਭਾਗ 'ਚ ਸਿੱਧੇ ਤੌਰ 'ਤੇ ਖਪਾਉਣ, ਘੱਟੋ-ਘੱਟ ਉਜਰਤਾਂ 18000 ਰੁਪਏ ਲਾਗੂ ਕਰਵਾਉਣ, ਸੁਪਰੀਮ ਕੋਰਟ ਦਾ ਫੈਸਲਾ 26 ਅਕਤੂਬਰ 2016 ਕਿ 'ਬਰਾਬਰ-ਕੰਮ-ਬਰਾਬਰ ਤਨਖਾਹ' ਦੇਣਾ ਲਾਗੂ ਕਰਵਾਉਣ, ਜਨਵਰੀ 2004 ਤੋਂ ਬੰਦ ਕੀਤੀ ਪੈਨਸ਼ਨ ਬਹਾਲ ਕਰਵਾ ਕੇ ਪੁਰਾਣੀ ਪ੍ਰਚੱਲਿਤ ਪੈਨਸ਼ਨ ਲਾਗੂ ਕਰਵਾਉਣਾ, ਨਵੀਂ ਭਰਤੀ ਪੂਰੀਆਂ ਤਨਖਾਹਾਂ 'ਚ ਰੈਗੂਲਰ ਤੌਰ 'ਤੇ ਕਰਵਾਉਣਾ ਅਤੇ ਪੰਜਾਬ ਛੇਵੇਂ ਵੇਤਨ ਕਮਿਸ਼ਨ ਨੂੰ ਸਮਾਂਬੱਧ ਕਰਵਾਉਣਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤੇ ਦਾ ਬਕਾਇਆ, ਜੋ ਸਰਕਾਰ ਦੱਬੀ ਬੈਠੀ ਹੈ, ਸਾਲ 2014, 2015 ਅਤੇ 2016 ਦਾ ਭੁਗਤਾਣ ਕਰਵਾਉਣਾ, ਜਨਵਰੀ 2017 ਦਾ ਵਾਧੂ ਮਹਿੰਗਾਈ ਭੱਤਾ ਜਾਰੀ ਕਰਵਾਉਣਾ ਸਮੇਤ ਅਨੇਕਾਂ ਇਸ਼ੂ ਹਨ।
ਇਸ ਦੌਰਾਨ ਆਗੂਆਂ ਨਿਰਮਲ ਸਿੰਘ ਧਾਲੀਵਾਲ, ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ, ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਜਗਦੀਸ਼ ਸਿੰਘ ਚਹਿਲ, ਰਣਜੀਤ ਸਿੰਘ ਰਾਣਵਾਂ, ਮੋਹਨ ਸਿੰਘ ਨੇਗੀ, ਗੁਰਮੇਲ ਸਿੰਘ ਮੈਡਲੇ, ਅੰਮ੍ਰਿਤਪਾਲ ਸਿੰਘ, ਜਗਮੋਹਨ ਸਿੰਘ ਨੌਲੱਖਾ, ਪ੍ਰਵੀਨ ਕੁਮਾਰ ਸ਼ਰਮਾ, ਵੇਦ ਪ੍ਰਕਾਸ਼, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਰਾਮ ਪ੍ਰਸਾਦ ਸਹੋਤਾ, ਰਾਮ ਕ੍ਰਿਸ਼ਨ, ਨਾਰੰਗ ਸਿੰਘ, ਰਾਮ ਲਾਲ ਰਾਮਾ, ਬਲਬੀਰ ਸਿੰਘ, ਦਰਸ਼ਨ ਸਿੰੰਘ ਘੱਗਾ, ਜਗਤਾਰ ਲਾਲ, ਗੁਰਦਰਸ਼ਨ ਸਿੰਘ, ਸੂਰਜ ਯਾਦਵ, ਪ੍ਰਕਾਸ਼ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਜੋਗੀਪੁਰ, ਕਰਨੈਲ ਸਿੰਘ ਆਲੋਵਾਲ, ਪਰਮਜੀਤ ਕੌਰ ਆਦਿ ਨੇ ਸੰਬੋਧਨ 'ਚ ਕਿਹਾ ਜੇਕਰ ਕੈਪਟਨ ਸਰਕਾਰ ਨੇ ਸੁਵਿਧਾ ਵਾਲੇ ਕਰਮਚਾਰੀਆਂ ਨੂੰ ਵੀ ਕੰਮਾਂ 'ਤੇ ਵਾਪਸ ਨਾ ਲਿਆ ਅਤੇ ਮੰਗਾਂ ਦਾ ਨਿਪਟਾਰਾ ਤੇ ਗੱਲਬਾਤ ਸਮੇਂ ਮੁੱਖ ਮੰਤਰੀ ਨੇ ਨਾ ਕੀਤਾ ਤਾਂ ਉਹ ਗੁਰਦਾਸਪੁਰ ਦੀਆਂ ਲੋਕ ਸਭਾ ਜ਼ਿਮਨੀ ਅਤੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਰੈਲੀਆਂ ਕਰ ਕੇ ਘਰ-ਘਰ ਜਾ ਕੇ ਝੂਠੇ ਵਾਅਦਿਆਂ ਦਾ ਪ੍ਰਚਾਰ ਕਰਨਗੇ।