ਦੂਸਰੇ ਦਿਨ ਵੀ ਧਰਨਾ ਜਾਰੀ, ਠੇਕਾ ਰੱਦ ਨਾ ਕਰਨ ’ਤੇ ਦਿੱਤੀ ਸਡ਼ਕਾਂ ’ਤੇ ਉਤਰਨ ਦੀ ਚਿਤਾਵਨੀ

07/18/2018 3:10:01 AM

ਬਠਿੰਡਾ(ਸੁਖਵਿੰਦਰ)-ਸਬਜ਼ੀ ਮੰਡੀ ਦੀ ਪਰਚੀ ਦਾ ਠੇਕਾ ਨਿੱਜੀ ਹੱਥਾਂ ਵਿਚ ਦੇਣ ਦੇ ਵਿਰੋਧ ’ਚ ਸਬਜ਼ੀ ਮੰਡੀ ਦੇ ਆਡ਼੍ਹਤੀਆਂ ਅਤੇ ਫਡ਼੍ਹੀ ਯੂੁਨੀਅਨ ਵੱਲੋਂ ਸਬਜ਼ੀ ਮੰਡੀ ਵਿਖੇ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਫਡ਼੍ਹੀ ਸੰਚਾਲਕਾਂ ਵੱਲੋਂ ਮੰਡੀ ਬੋਰਡ ’ਤੇ ਮਾਮਲੇ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਅਾਂ ਫਡ਼੍ਹੀ ਯੂਨੀਅਨ ਦੇ ਪ੍ਰਧਾਨ ਸੰਜੂ ਨੇ ਕਿਹਾ ਕਿ ਫਡ਼੍ਹੀ ਸੰਚਾਲਕ ਪਹਿਲਾਂ ਹੀ ਆਪਣਾ ਗੁਜ਼ਾਰਾ ਬਡ਼ੀ ਮੁਸ਼ਕਲ ਨਾਲ ਕਰ ਰਹੇ ਹਨ। ਉਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਨੂੰ ਬਣਦੀ ਫੀਸ  ਦਿੰਦੇ ਰਹੇ ਹਨ ਪਰ ਹੁਣ ਮੰਡੀ ਦਾ ਠੇਕਾ ਨਿੱਜੀ ਹੱਥਾਂ ’ਚ ਸੌਂਪ  ਕੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਦਾ ਠੇਕਾ ਪ੍ਰਾਈਵੇਟ ਠੇਕੇਦਾਰ ਕੋਲ ਹੋਣ ’ਤੇ ਉਹ ਧੱਕੇਸ਼ਾਹੀ ਨਾਲ ਮਨਮਰਜ਼ੀ ਦੀ ਕੀਮਤ ਵਸੂਲਣਗੇ। ਉਧਰ ਆਡ਼੍ਹਤੀਆ ਐਸੋਸੀਏਸ਼ਨ ਦੇ ਚੇਅਰਮੈਨ ਮਨੋਹਰ ਸਿੰਘ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਵਿਚ ਧੱਕੇਸ਼ਾਹੀ ਹੋਣੀ ਲਾਜ਼ਮੀ ਹੈ, ਇਸ ਲਈ ਆਡ਼੍ਹਤੀ ਵੀ ਇਸ ਠੇਕਾ  ਪ੍ਰਣਾਲੀ ਦੇ ਵਿਰੋਧ ਵਿਚ ਹਨ। ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਆਡ਼੍ਹਤੀਆ ਐਸੋਸੀਏਸ਼ਨ ਫਡ਼੍ਹੀ ਸੰਚਾਲਕਾਂ ਨਾਲ ਖਡ਼੍ਹੀ ਹੈ ਅਤੇ ਜਦੋਂ ਤੱਕ ਠੇਕੇਦਾਰੀ ਸਿਸਟਮ ਨੂੰ ਰੱਦ ਨਹੀਂ ਕੀਤਾ ਜਾਵੇਗਾ, ਉਦੋਂ  ਤਕ ਉਹ ਮੰਡੀ ਬੰਦ ਰੱਖਣਗੇ। ਇਸ ਮੌਕੇ ਫਡ਼੍ਹੀ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਦੇ ਸਕੱਤਰ ਬਲਕਰਨ ਸਿੰਘ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਅਾਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਅ ਕੇ ਮੰਗਾਂ ਦਾ ਹੱਲ ਕੀਤਾ ਜਾਵੇਗਾ।  
ਮੰਡੀ ਬੋਰਡ ਨੂੰ ਰੋਜ਼ਾਨਾ 1 ਲੱਖ ਦਾ ਘਾਟਾ
 ਬਠਿੰਡਾ ਦੀ ਸਬਜ਼ੀ ਮੰਡੀ ਬੰਦ ਹੋਣ ਕਾਰਨ ਮਾਰਕੀਟ ਕਮੇਟੀ ਨੂੰ ਰੋਜ਼ਾਨਾ ਲਗਭਗ 1 ਲੱਖ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ।  ਜੇਕਰ ਜਲਦੀ ਦੀ ਉਕਤ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਮਾਰਕੀਟ ਕਮੇਟੀ ਨੂੰ  ਵੱਡੇ ਘਾਟੇ ਦਾ ਸਾਹਮਣਾ ਕਰਨਾ ਪਵੇਗਾ।
 ਸਬਜ਼ੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ
 ਬੀਤੇ ਦੋ ਦਿਨਾਂ ਤੋਂ ਸਬਜ਼ੀ ਮੰਡੀ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦੋ ਦਿਨਾਂ ਤੋਂ ਸ਼ਹਿਰ ਵਿਚ ਗੋਲ ਡਿੱਗੀ, ਨਹਿਰ ਅਤੇ ਹੋਰ ਥਾਵਾਂ ’ਤੇ ਲੱਗਣ ਵਾਲੀਆਂ ਸਬਜ਼ੀਆਂ ਦੀਅਾਂ ਦੁਕਾਨਾਂ ਵੀ ਬੰਦ ਹਨ।  ਫਡ਼੍ਹੀ ਯੂਨੀਅਨ ਵੱਲੋਂ ਸ਼ਹਿਰ ਵਿਚ ਸਬਜ਼ੀ ਵੇਚਣ ਵਾਲੇ  ਵਿਅਕਤੀਆਂ ਨੂੰ ਵੀ ਰੋਕਿਆ ਗਿਆ। ਸਬਜ਼ੀ ਨਾ ਮਿਲਣ ਕਾਰਨ ਆਮ ਲੋਕ ਪ੍ਰੇਸ਼ਾਨ ਨਜ਼ਰ ਆਏ।