ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ

07/17/2018 12:28:57 AM

ਫਿਰੋਜ਼ਪੁਰ(ਮਲਹੋਤਰਾ)-ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਕਰਮਚਾਰੀਆਂ ਨੇ ਅੱਜ ਸੂਬਾ ਇਕਾਈ ਦੇ ਸੱਦੇ ’ਤੇ ਮੁਕੰਮਲ ਹਡ਼ਤਾਲ ਕੀਤੀ ਤੇ ਬੱਸਾਂ ਦਾ ਚੱਕਾ ਜਾਮ ਰੱਖਿਆ। ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲੲੀ ਪੰਜਾਬ ਦੇ 18 ਡਿਪੂਆਂ ਦੇ ਵਰਕਰਾਂ ਵੱਲੋਂ ਅੱਜ ਹਡ਼ਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੰਟਰੈਕਟ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ 2 ਜੁਲਾਈ ਨੂੰ ਸਕੱਤਰ ਟਰਾਂਸਪੋਰਟ ਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਅਧਿਕਾਰੀਆਂ ਨੇ ਸਾਰੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ 10 ਦਿਨਾਂ ਵਿਚ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ 10 ਦਿਨ ਬੀਤਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਰੋਸ ਵਜੋਂ 16 ਜੁਲਾਈ ਨੂੰ ਪੰਜਾਬ ਦੇ 18 ਡਿਪੂਆਂ ਵਿਚ ਚੱਕਾ ਜਾਮ ਤੋਂ ਬਾਅਦ 17 ਜੁਲਾਈ ਨੂੰ ਦੀਨਾ ਨਗਰ ਵਿਖੇ ਸੂਬਾ ਪੱਧਰੀ ਇਜਲਾਸ ਕਰ ਕੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ।  ਪੰਜਾਬ ਰੋਡਵੇਜ਼ ਪਨਬਸ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਸਿੱਧੂ ਨੇ ਦੱਸਿਆ ਕੰਟਰੈਕਟ ਵਰਕਰਜ਼ ਦੀ ਹਡ਼ਤਾਲ ਦੇ ਕਾਰਨ ਫਿਰੋਜ਼ਪੁਰ ਡਿਪੂ ਦੀਆਂ 141 ਬੱਸਾਂ ਬਿਲਕੁਲ ਬੰਦ ਰਹੀਆਂ। ਕੁਝ ਬੱਸਾਂ ਨੂੰ ਵਿਭਾਗ ਦੁਆਰਾ ਕੰਮ ਚਲਾਊ ਡਰਾਈਵਰਾਂ, ਕੰਡਕਟਰਾਂ ਦੇ ਸਹਾਰੇ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਰਾਜ ਵਿਚ 18 ਡਿਪੂਆਂ ਦੀ ਪਿਛਲੀ ਹਡ਼ਤਾਲ ਕਾਰਨ ਇਕ ਦਿਨ ’ਚ ਵਿਭਾਗ ਨੂੰ ਕਰੀਬ 1.63 ਕਰੋਡ਼ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ ਤੇ ਅੱਜ ਦੀ ਹਡ਼ਤਾਲ ਨਾਲ ਵੀ 1.60 ਕਰੋਡ਼ ਰੁਪਏ ਦੇ ਕਰੀਬ ਨੁਕਸਾਨ ਵਿਭਾਗ ਨੂੰ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਮੰਗਾਂ ’ਚ ਬਰਾਬਰ ਕੰਮ ਬਰਾਬਰ ਤਨਖਾਹ ਦੀ ਨੀਤੀ ਲਾਗੂ ਕਰਵਾਉਣਾ, ਆਊਟਸੋਰਸਿੰਗ ਮੁਲਾਜ਼ਮਾਂ ਨੂੰ ਮਹਿਕਮੇ ਵਿਚ ਮਰਜ਼ ਕਰਵਾਉਣਾ, ਕੰਡੀਸ਼ਨਾਂ ਖਤਮ ਕਰਵਾਉਣਾ ਆਦਿ ਸ਼ਾਮਲ ਹਨ।