ਯੂਨੀਵਰਸਿਟੀ ''ਚ ਵਿਦਿਆਰਥੀ ਦੀ ਮੌਤ ''ਤੇ ਹੰਗਾਮਾ

04/25/2018 4:18:49 AM

ਵਿਦਿਆਰਥੀਆਂ ਨੇ ਬਠਿੰਡਾ-ਮਾਨਸਾ ਰੋਡ ਜਾਮ ਕਰ ਕੇ ਕੀਤਾ ਪ੍ਰਦਰਸ਼ਨ
ਬਠਿੰਡਾ(ਸੁਖਵਿੰਦਰ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ 'ਚ ਇਕ ਐੱਮ. ਐੱਸ. ਸੀ. ਦੇ ਵਿਦਿਆਰਥੀ ਦੀ ਮੌਤ ਹੋਣ 'ਤੇ ਹੰਗਾਮਾ ਹੋ ਗਿਆ। ਉਕਤ ਮੌਤ ਤੋਂ ਭੜਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਠਿੰਡਾ-ਮਾਨਸਾ ਰੋਡ 'ਤੇ ਅੰਡਰਬ੍ਰਿਜ ਨਜ਼ਦੀਕ ਧਰਨਾ ਦੇ ਕੇ ਚੱਕਾ ਜਾਮ ਕੀਤਾ। ਵਿਦਿਆਰਥੀਆਂ ਨੇ ਉਕਤ ਵਿਦਿਆਰਥੀ ਦੀ ਮੌਤ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਹੋਰਨਾਂ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵੀ. ਸੀ. ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਬਾਅਦ ਵਿਚ ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਮੌਕੇ ਮ੍ਰਿਤਕ ਵਿਦਿਆਰਥੀ ਸ਼ਸ਼ਾਂਕ ਸਾਗਰ ਜੈਸਵਾਲ (23) ਵਾਸੀ ਸਹਰਸਾ (ਬਿਹਾਰ) ਦੇ ਦਿੱਲੀ ਤੋਂ ਪਹੁੰਚੇ ਮਾਸੜ ਸਾਲੀਗ੍ਰਾਮ ਚੌਧਰੀ ਤੇ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਵਿਦਿਆਰਥੀ ਸ਼ਸ਼ਾਂਕ ਯੂਨੀਵਰਸਿਟੀ 'ਚ ਐੱਮ. ਐੱਸ. ਸੀ. ਬਾਓ ਕੈਮਿਸਟਰੀ ਦੇ ਫਾਈਨਲ ਈਅਰ ਵਿਚ ਪੜ੍ਹ ਰਿਹਾ ਸੀ ਤੇ ਇਸੇ ਸਾਲ ਉਸਨੂੰ ਬੈਸਟ ਸਟੂਡੈਂਟ ਆਫ ਦਾ ਈਅਰ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤੀਂ ਸ਼ਸ਼ਾਂਕ ਆਪਣੇ ਸਾਥੀਆਂ ਨਾਲ ਬਾਸਕਟਬਾਲ ਖੇਡ ਰਿਹਾ ਸੀ ਤਾਂ ਅਚਾਨਕ ਉਹ ਹੇਠਾਂ ਡਿੱਗ ਗਿਆ। ਉਸਦੇ ਸਾਥੀਆਂ ਨੇ ਉਸਨੂੰ ਤੁਰੰਤ ਯੂਨੀਵਰਸਿਟੀ ਦੀ ਕਲੀਨਿਕ ਵਿਚ ਪਹੁੰਚਾਇਆ ਪਰ ਉਥੇ ਉਸਨੂੰ ਸਹੀ ਇਲਾਜ ਮੁਹੱਈਆ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਕੋਲ ਐਂਬੂਲੈਂਸ ਵੀ ਹੈ ਪਰ ਉਹ ਵੀ ਸਮੇਂ 'ਤੇ ਨਹੀਂ ਪਹੁੰਚੀ। ਕਰੀਬ ਪੌਣੇ ਘੰਟੇ ਬਾਅਦ ਉਸਨੂੰ ਹੋਰ ਵਿਦਿਆਰਥੀਆਂ ਦੇ ਕਹਿਣ 'ਤੇ ਹੀ ਮੈਕਸ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੇ ਮਾਸੜ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ। ਮ੍ਰਿਤਕ ਦੇ ਸਾਥੀਆਂ ਦੁਆਰਾ ਹੀ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਹ ਬਠਿੰਡਾ ਪਹੁੰਚੇ। ਉਨ੍ਹਾਂ ਦੱਸਿਆ ਕਿ ਬਠਿੰਡਾ ਪਹੁੰਚਣ 'ਤੇ ਕਾਫੀ ਸਮਾਂ ਉਨ੍ਹਾਂ ਨੂੰ ਯੂਨੀਵਰਸਿਟੀ ਅੰਦਰ ਨਹੀਂ ਜਾਣ ਦਿੱਤਾ ਤੇ ਵੀ. ਸੀ. ਨੇ ਵੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਦਾ ਸਾਥ ਦੇਣ ਵਾਲੇ ਕੁਝ ਵਿਦਿਆਰਥੀਆਂ ਨੂੰ ਵੀ ਪ੍ਰਬੰਧਨ ਦੁਆਰਾ ਕਥਿਤ ਤੌਰ 'ਤੇ ਧਮਕਾਇਆ ਗਿਆ। ਵਿਦਿਆਰਥੀ ਦੀ ਹੋਈ ਮੌਤ ਕਾਰਨ ਪ੍ਰਬੰਧਨ 'ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਵਿਦਿਆਰਥੀਆਂ ਨੇ ਬਠਿੰਡਾ-ਮਾਨਸਾ ਰੋਡ 'ਤੇ ਧਰਨਾ ਲਾ ਦਿੱਤਾ ਤੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਣ 'ਤੇ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਡੀ. ਐੱਸ. ਪੀ. ਗੋਪਾਲ ਚੰਦ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਘਟਨਾ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਹਟਾਇਆ।