ਬਠਿੰਡਾ ਤੇ ਮਾਨਸਾ ''ਚ ਮੁਕੰਮਲ ਬੰਦ

Wednesday, Apr 11, 2018 - 03:50 AM (IST)

ਬਠਿੰਡਾ(ਪਰਮਿੰਦਰ)-ਜਨਰਲ ਕੈਟਾਗਰੀ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਬਠਿੰਡਾ 'ਚ ਪੂਰਾ ਅਸਰ ਦੇਖਣ ਨੂੰ ਮਿਲਿਆ। ਬਠਿੰਡਾ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਹਾਲਾਂਕਿ ਕੁਝ ਥਾਵਾਂ 'ਤੇ ਬੰਦ ਦੇ ਸਮਰਥਕਾਂ ਨੇ ਖੁਦ ਸੜਕਾਂ 'ਤੇ ਉਤਰ ਕੇ ਦੁਕਾਨਾਂ ਬੰਦ ਕਰਵਾਈਆਂ ਪਰ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੁਦ ਹੀ ਬੰਦ ਰੱਖੀਆਂ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਜਾਂ ਅਣਸੁਖਾਵੀਂ ਘਟਨਾ ਨਹੀਂ ਹੋਈ, ਜਿਸ ਕਾਰਨ ਪੁਲਸ ਪ੍ਰਸ਼ਾਸਨ ਨੇ ਵੀ ਚੈਨ ਦੀ ਸਾਹ ਲਈ। ਬੰਦ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਮੁੱਖ ਬਾਜ਼ਾਰਾਂ 'ਚ ਪੁਲਸ ਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਹੋਈ ਸੀ। ਸਮਾਜ ਦੇ ਪਤਵੰਤੇ ਲੋਕਾਂ ਨੇ ਖੁਦ ਬਾਜ਼ਾਰਾਂ 'ਚ ਉਤਰ ਕੇ ਦੁਕਾਨਾਂ ਖੋਲ੍ਹਣ ਵਾਲਿਆਂ ਤੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਲਗਭਗ ਪੂਰਾ ਬਾਜ਼ਾਰ ਬੰਦ ਹੋ ਗਿਆ। ਦੁਕਾਨਾਂ ਨੂੰ ਬੰਦ ਕਰਵਾਉਣ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਕਾਰ ਵੀ ਬਹਿਸ ਹੋਈ।
ਸਹਿਰ ਦੇ ਮੁੱਖ ਬਾਜ਼ਾਰ ਧੋਬੀ ਬਾਜ਼ਾਰ, ਬੈਂਕ ਬਾਜ਼ਾਰ, ਹਸਪਤਾਲ ਬਾਜ਼ਾਰ, ਪੋਸਟ ਆਫਿਸ ਬਾਜ਼ਾਰ, ਸਿਰਕੀ ਬਾਜ਼ਾਰ, ਮਾਲ ਰੋਡ ਤੋਂ ਇਲਾਵਾ ਪਰਸਰਾਮ ਨਗਰ ਬਾਜ਼ਾਰ, ਭੱਟੀ ਰੋਡ, ਭਾਗੂ ਰੋਡ ਤੇ ਜੀ. ਟੀ. ਰੋਡ 'ਤੇ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਇਨ੍ਹਾਂ ਥਾਵਾਂ 'ਤੇ ਹੀ ਬੰਦ ਸਮਰਥਕਾਂ ਦੀਆਂ ਵੱਖ-ਵੱਖ ਟੋਲੀਆਂ ਨੇ ਮੌਕੇ 'ਤੇ ਜਾ ਕੇ ਬਾਜ਼ਾਰਾਂ 'ਚ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ। ਮਹਿਣਾ ਚੌਕ 'ਚ ਬੰਦ ਸਮਰਥਕਾਂ ਤੇ ਦੁਕਾਨਦਾਰਾਂ ਵਿਚਕਾਰ ਬਹਿਸ ਵੀ ਹੋਈ। ਬਾਅਦ 'ਚ ਕੁਝ ਲੋਕਾਂ ਨੇ ਵਿਚ ਬਚਾਅ ਕਰ ਕੇ ਮਸਲਾ ਸੁਲਝਾਇਆ। ਬੰਦ ਦੌਰਾਨ ਮਹਾਨਗਰ ਵਿਚ ਅਮਨ-ਸ਼ਾਂਤੀ ਬਣੀ ਰਹੀ ਤੇ ਕੁਝ ਜਗ੍ਹਾ 'ਤੇ ਪ੍ਰਦਰਸ਼ਨਕਾਰੀਆਂ ਨੇ ਹੱਥ ਜੋੜ ਕੇ ਵੀ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਕੁਲ ਮਿਲਾ ਕੇ ਮਹਾਨਗਰ ਵਿਚ ਬੰਦ ਨੂੰ ਪੂਰਾ ਸਹਿਯੋਗ ਮਿਲਿਆ।
ਜਨਰਲ ਕੈਟਾਗਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਦਿੱਤੇ ਗਏ ਮੁਕੰਮਲ ਬੰਦ ਦੇ ਸੱਦੇ 'ਤੇ ਅੱਜ ਮਾਨਸਾ ਸ਼ਹਿਰ ਪੂਰਨ ਰੂਪ 'ਚ ਬੰਦ ਰਿਹਾ। ਇਸ ਬੰਦ ਦੀ ਖਾਸੀਅਤ ਇਹ ਸੀ ਕਿ ਸਮੂਹ ਵਿਦਿਅਕ ਸੰਸਥਾਵਾਂ, ਸਮਾਜਕ, ਵਪਾਰਕ, ਧਾਰਮਕ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨੇ ਬਿਨਾਂ ਅਨਾਊਂਸਮੈਂਟ ਤੋਂ ਆਪਣੀ ਸਵੈ-ਇੱਛਾ ਅਨੁਸਾਰ ਭਰਵਾਂ ਸਮਰਥਨ ਦਿੱਤਾ। ਇਸ ਬੰਦ ਦੌਰਾਨ ਦੁਕਾਨਦਾਰ ਭਾਈਚਾਰੇ ਨੇ ਆਪਣੀਆਂ ਦੁਕਾਨਾਂ ਅਤੇ ਓ. ਬੀ. ਸੀ. ਮੁਲਾਜ਼ਮਾਂ ਨੇ ਅਚਨਚੇਤੀ ਛੁੱਟੀ ਲੈ ਕੇ ਇਸ ਬੰਦ ਦਾ ਭਰਪੂਰ ਸਾਥ ਦਿੱਤਾ। ਇਸ ਬੰਦ ਦੌਰਾਨ ਰੋਸ ਪ੍ਰਗਟਾਉਣ ਲਈ ਸਮੂਹ ਜਨਰਲ ਸਮਾਜ ਵੱਲੋਂ ਲਕਸ਼ਮੀ ਨਾਰਾਇਣ ਮੰਦਰ ਮਾਨਸਾ ਤੋਂ ਕਾਲੀਆਂ ਝੰਡੀਆਂ ਅਤੇ ਹੱਥਾਂ 'ਚ ਤਖਤੀਆਂ ਫੜ ਕੇ ਵਿਸ਼ਾਲ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਜ਼ਿਲਾ ਪ੍ਰਬੰਧਕੀ ਕੰਪਲੈਕਸ ਕੋਲ ਸਮਾਪਤ ਹੋਇਆ। ਇਸ ਮੌਕੇ ਜਥੇਬੰਦੀਆਂ ਦੇ ਸਾਂਝੇ ਵਫਦ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਫੈੱਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਪੰਜਾਬ ਸ਼ਿਆਮ ਲਾਲ ਸ਼ਰਮਾ, ਜ਼ਿਲਾ ਪ੍ਰਧਾਨ ਸਰਬਜੀਤ ਕੌÎਸ਼ਲ ਅਤੇ ਵਪਾਰ ਮੰਡਲ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ 20 ਮਾਰਚ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ./ਐੱਸ. ਟੀ. ਐਕਟ 1989 ਸਬੰਧੀ ਜੋ ਫੈਸਲਾ ਦਿੱਤਾ ਗਿਆ, ਉਸ ਵਿਚ ਕੁਝ ਵੀ ਅਜਿਹਾ ਨਹੀਂ ਜਿਸ ਨਾਲ ਐੱਸ. ਸੀ./ਐੱਸ. ਟੀ. ਵਰਗ ਨੂੰ ਕੋਈ ਨੁਕਸਾਨ ਹੁੰਦਾ ਹੋਵੇ, ਸਗੋਂ ਰਾਜਸੀ ਤੱਤਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ 2 ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦਿਵਾ ਕੇ ਹੁੱਲੜਬਾਜ਼ੀ ਕਰਵਾਈ, ਜਿਸ 'ਚ ਬਹੁਤ ਸਾਰੀਆਂ ਬੇ-ਕਸੂਰ ਜਾਨਾਂ ਚਲੀਆਂ ਗਈਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 20 ਫਰਵਰੀ ਨੂੰ ਦਿੱਤੇ ਫੈਸਲੇ 'ਚ ਤਰੱਕੀਆਂ 'ਚ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਗਈ ਹੈ, ਇਸ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜਨਰਲ ਸਮਾਜ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਟੇਟ/ਨੈਸ਼ਨਲ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਰਿਜ਼ਰਵੇਸ਼ਨ ਦਾ ਲਾਭ ਐੱਸ. ਸੀ./ਐੱਸ. ਟੀ. ਦੀ ਕਰੀਮੀਲੇਅਰ ਨੂੰ ਬਾਹਰ ਕਰ ਕੇ ਆਰਥਕ ਆਧਾਰ 'ਤੇ ਹਰ ਗਰੀਬ ਵਰਗ ਦੇ ਵਿਅਕਤੀ ਨੂੰ ਦਿੱਤਾ ਜਾਵੇ।
ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ ਅਤੇ ਕੌਂਸਲਰ ਅਨਿਲ ਜੋਨੀ ਨੇ ਮੰਗ ਕੀਤੀ ਕਿ ਜੇਕਰ ਰਾਈਟ-ਟੂ-ਐਜੂਕੇਸ਼ਨ ਐਕਟ ਪੂਰਨ ਰੂਪ 'ਚ ਲਾਗੂ ਹੋ ਜਾਵੇ ਤਾਂ ਹਰ ਬੱਚੇ ਨੂੰ ਸਾਮਾਨ ਸਿੱਖਿਆ ਮੁਹੱਈਆ ਹੋਣ ਨਾਲ ਇਹ ਰਿਜ਼ਰਵੇਸ਼ਨ ਦੀ ਬੀਮਾਰੀ ਆਪਣੇ ਆਪ ਖਤਮ ਹੋ ਜਾਵੇਗੀ। ਇਸ ਸਮੇਂ ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਵਿਜੈ ਸਿੰਗਲਾ, ਡਾ. ਅੰਮ੍ਰਿਤਪਾਲ, ਡਾ. ਪ੍ਰਸ਼ੋਤਮ ਜਿੰਦਲ, ਡਾ. ਜਨਕ ਰਾਜ ਸਿੰਗਲਾ, ਡਾ. ਸੁਨੀਤ ਜਿੰਦਲ, ਡਾ. ਅਕਾਸ਼ਦੀਪ, ਡਾ. ਨਰੇਸ਼ ਬਾਂਸਲ, ਵਿਸ਼ਾਲ ਜੈਨ ਗੋਲਡੀ, ਰਮੇਸ਼ ਰਾਜੀ ਕੌਂਸਲਰ, ਕਰਮਜੀਤ ਸਿੰਘ ਸਿੱਧੂ, ਜਸਵੀਰ ਸਿੰਘ ਖਾਲਸਾ, ਮਨਜੀਤ ਸਿੰਘ, ਕਿਸਾਨ ਆਗੂ ਬੋਘ ਸਿੰਘ, ਅਸ਼ਵਨੀ ਕੁਮਾਰ, ਜਗਰਾਜ ਸਿੰਘ, ਵਿੱਦਿਆ ਸਾਗਰ, ਸੁਖਚੈਨ ਸਿੰਘ, ਵਰਿੰਦਰ ਸਿੰਗਲਾ, ਰਮੇਸ਼ ਟੋਨੀ, ਪਿੰ੍ਰਸੀਪਲ ਅਸ਼ੋਕ ਕੁਮਾਰ, ਕਾ. ਮੱਖਣ ਸਿੰਘ, ਬੂਟਾ ਸਿੰਘ, ਐਡਵੋਕੇਟ ਸਾਹਿਜਪਾਲ, ਐਡਵੋਕੇਟ ਸਿਮਰਜੀਤ ਸਿੰਘ ਮਾਨਸ਼ਾਹੀਆ, ਸੰਜੀਵ ਕੁਮਾਰ ਪਿੰਕਾ, ਕੌਂਸਲਰ ਮਨਦੀਪ ਗੋਰਾ, ਗੁਰਦੀਪ ਸੇਖੋਂ, ਪ੍ਰੇਮ ਸਾਗਰ, ਹਰਿੰਦਰ ਮਾਨਸ਼ਾਹੀਆ, ਰਾਮ ਲਾਲ ਸ਼ਰਮਾ, ਸੁਰਿੰਦਰ ਮੀਰਪੁਰੀਆ, ਜੀਵਨ ਮੀਰਪੁਰੀਆ, ਜਗਮੋਹਨ ਸੇਠੀ, ਅਮਨਦੀਪ ਕੌਰ, ਪਰਮਜੀਤ ਕੌਰ, ਭੁਪਿੰਦਰ ਕੌਰ, ਬੱਸੋ ਧਾਲੀਵਾਲ, ਹੇਮਾ ਗੁਪਤਾ, ਪੂਨਮ ਅਗਰਵਾਲ, ਸੁਮਨਦੀਪ ਕੌਰ, ਦੀਨਾ ਨਾਥ ਚੁੱਘ, ਬਿੰਦਰਪਾਲ, ਤਰਸੇਮ ਮਿੱਢਾ, ਭੀਮ ਝੇਰਿਆਂਵਾਲੀ, ਅਸ਼ੋਕ ਸਪੋਲੀਆ, ਕਾਕੂ ਮਾਖਾ, ਪ੍ਰੇਮ ਅਗਰਵਾਲ, ਅਸ਼ੋਕ ਕੁਮਾਰ, ਰਾਧੇ ਸ਼ਾਮ, ਅਰੁਣ ਬਿੱਟੂ, ਰਮੇਸ਼ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਨਰਲ ਸਮਾਜ ਨਾਲ ਸਬੰਧਤ ਔਰਤਾਂ ਵੀ ਹਾਜ਼ਰ ਸਨ।   


Related News