ਢੋਆ-ਢੁਆਈ ਦੀ ਨਵੀਂ ਨੀਤੀ ਦੀਆਂ ਕਾਪੀਆਂ ਸਾੜੀਆਂ

03/17/2018 7:24:00 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਲਈ ਢੋਆ-ਢੁਆਈ ਅਤੇ ਕਾਰਟੇਜ ਦੀ ਬਣਾਈ ਗਈ ਨੀਤੀ ਦੇ ਵਿਰੋਧ 'ਚ ਜ਼ਿਲੇ ਦੀਆਂ ਸਮੂਹਿਕ ਟਰੱਕ ਯੂਨੀਅਨਾਂ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਅਸਿਸਟੈਂਟ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ। ਉਪਰੰਤ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਏ. ਡੀ. ਸੀ. ਨੂੰ ਦਿੱਤਾ। ਮੰਗ ਪੱਤਰ ਤੋਂ ਬਾਅਦ ਜ਼ਿਲੇ ਦੀਆਂ ਸਮੂਹਿਕ ਟਰੱਕ ਯੂਨੀਅਨਾਂ ਦੇ ਆਗੂਆਂ, ਜਿਨ੍ਹਾਂ 'ਚ ਗੁਰਜਿੰਦਰ ਸਿੰਘ ਸੰਧੂ, ਜਸਪਾਲ ਸਿੰਘ ਗਾਂਧੀ ਜਾਗਲ, ਜਗਦੀਪ ਸਿੰਘ ਜੱਗੀ ਸ਼ਾਮਲ ਸਨ, ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਨਵੀਂ ਢੋਆ-ਢੁਆਈ ਦੀ ਨੀਤੀ ਤਿਆਰ ਕੀਤੀ ਹੈ, ਉਸ ਤਹਿਤ ਕੋਈ ਵੀ ਟਰੱਕ ਆਪਰੇਟਰ ਕੰਮ ਨਹੀਂ ਕਰ ਸਕਦਾ। ਉਨ੍ਹਾਂ ਇਸ ਨੀਤੀ ਵਿਚ ਨਵੇਂ ਸਿਰੇ ਤੋਂ ਸੁਚਾਰੂ ਢੰਗ ਨਾਲ ਸੋਧਾਂ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਿਥੇ ਸਮੂਹ ਟਰੱਕ ਆਪਰੇਟਰ ਯੂਨੀਅਨ ਵਰਕਰ ਮੌਜੂਦ ਸਨ, ਉਥੇ ਟਰੱਕ ਯੂਨੀਅਨ ਧਨੌਲਾ ਦੇ ਪ੍ਰਧਾਨ ਬਰਜਿੰਦਰ ਸਿੰਘ ਟੀਟੂ ਵਾਲੀਆ, ਕੁਲਦੀਪ ਸਿੰਘ ਮਾਣਕ, ਅਮਰਜੀਤ ਸਿੰਘ ਜੀਤਾ ਅਤੇ ਸੰਤ ਸਿੰਘ ਮਹਿਲ ਕਲਾਂ ਆਦਿ ਵੀ ਹਾਜ਼ਰ ਸਨ।
ਕੀ ਹਨ ਮੰਗਾਂ
* ਹਰੇਕ ਸਾਲ ਦੀ ਤਰ੍ਹਾਂ ਟੈਂਡਰ ਹਾੜ੍ਹੀ ਅਤੇ ਸਾਊਣੀ ਦੋਵਾਂ ਸੀਜ਼ਨਾਂ ਤੱਕ ਲਏ ਜਾਣ।
* ਢੋਆ-ਢੁਆਈ ਲਈ ਬੇਸਿਕ ਰੇਟ ਸਲੈਬ ਪਿਛਲੇ ਸਾਲਾਂ ਦੀ 4-4 ਕਿਲੋਮੀਟਰ ਦੀ ਬਣਾਈ ਜਾਵੇ।
* ਕਾਰਟੇਜ ਦੀ ਸਲੈਬ ਵੀ ਪਿਛਲੇ ਸਾਲ ਦੀ ਪਾਲਿਸੀ ਦੀ ਤਰ੍ਹਾਂ 3 ਤੋਂ 3, 3 ਤੋਂ 5 ਅਤੇ 5 ਤੋਂ 8 ਕਿਲੋਮੀਟਰ ਦੀ ਕੀਤੀ ਜਾਵੇ।