ਮੌੜ ਬੰਬ ਕਾਂਡ ਦੀ ਜਾਂਚ ਨੂੰ ਠੰਡੇ ਬਸਤੇ ''ਚ ਪਾਉਣ ਦੇ ਵਿਰੋਧ ''ਚ ''ਆਪ'' ਨੇ ਮੌੜ ਤਹਿਸੀਲ ਵਿਖੇ ਦਿੱਤਾ ਧਰਨਾ

02/20/2018 4:13:39 AM

ਮੌੜ ਮੰਡੀ(ਪ੍ਰਵੀਨ)-ਮੌੜ ਬੰਬ ਕਾਂਡ ਦੀ ਜਾਂਚ ਨੂੰ ਠੰਡੇ ਬਸਤੇ ਵਿਚ ਪਾਉਣ ਦੇ ਵਿਰੋਧ ਵਿਚ ਅਤੇ ਇਸ ਕਾਂਡ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ 'ਆਪ' ਦੇ ਮੌੜ ਹਲਕੇ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਵਿਚ 'ਆਪ' ਨੇ ਮੌੜ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੇ ਨਾਲ-ਨਾਲ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੀਆਂ ਮੰਗਾਂ ਮੰਨੇ ਜਾਣ ਦੀ ਮੰਗ ਵੀ ਕੀਤੀ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ 'ਆਪ' ਦੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੱਜ ਬੇਇਨਸਾਫ਼ੀ ਦਾ ਅੱਡਾ ਬਣ ਚੁੱਕਾ ਹੈ ਜਿਥੇ ਕੋਈ ਵੀ ਸੁਰੱਖਿਅਤ ਨਹੀਂ ਅਤੇ ਕਿਸੇ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲ ਰਿਹਾ। ਮੌੜ ਬੰਬ ਕਾਂਡ ਅਤੇ ਬਹਿਬਲ ਕਲਾਂ ਕਾਂਡ ਨੂੰ ਸਰਕਾਰ ਸ਼ਰੇਆਮ ਠੰਡੇ ਬਸਤੇ 'ਚ ਪਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਪਰ 'ਆਪ' ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਮੌੜ ਬੰਬ ਕਾਂਡ ਅਤੇ ਬਹਿਬਲ ਕਲਾਂ ਕਾਂਡ ਦੇ ਨਾਲ-ਨਾਲ ਸਰਕਾਰ ਦੀ ਸ਼ਹਿ 'ਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਦੀ ਵੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹਨ ਤਾਂ ਜੋ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸੱਤਾ ਦੇ ਲਾਲਚ ਵਿਚ ਜਨਤਾ ਨਾਲ ਝੂਠੇ ਵਾਅਦੇ ਕੀਤੇ, ਜੋ ਕਦੇ ਵੀ ਪੂਰੇ ਨਹੀਂ ਕਰਨੇ। ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਹਮੇਸ਼ਾ ਹੀ ਜਨਤਾ ਨੂੰ ਝੂਠੇ ਲਾਰੇ ਲਾਏ ਅਤੇ ਆਪਣੇ ਮਹਿਲ ਅਤੇ ਫਾਰਮ ਉਸਾਰਨ ਲਈ ਜਨਤਾ ਦੀ ਲੁੱਟ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀਆਂ ਕੋਲ ਜੋ ਲੁੱਟ ਦੇ ਕੇਂਦਰ ਸਨ, ਹੁਣ ਉਨ੍ਹਾਂ ਵਿਚੋਂ ਜ਼ਿਆਦਾਤਰ ਕੇਂਦਰਾਂ 'ਤੇ ਕਾਂਗਰਸ ਪਾਰਟੀ ਦੇ ਆਗੂਆਂ ਦਾ ਕਬਜ਼ਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਨ੍ਹਾਂ ਦਾ ਮਕਸਦ ਰਲ- ਮਿਲ ਕੇ ਪੰਜਾਬ ਦੀ ਲੁੱਟ ਕਰਨਾ ਹੈ। ਖਹਿਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ 'ਆਪ' ਮੌੜ ਬੰਬ ਕਾਂਡ ਅਤੇ ਬਹਿਬਲ ਕਲਾਂ ਕਾਂਡ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੌੜ ਬੰਬ ਕਾਂਡ ਦੀ ਜਾਂਚ ਨੂੰ ਠੰਡਾ ਕਰਨਾ ਸਪੱਸ਼ਟ ਕਰਦਾ ਹੈ ਕਿ ਇਹ ਕਾਂਡ ਕਿਸੇ ਰਾਜਨੀਤਕ ਸਾਜ਼ਿਸ਼ ਦਾ ਹਿੱਸਾ ਹੈ ਅਤੇ ਜਦੋਂ ਵੀ ਇਸ ਦੀ ਸਾਫ਼ ਅਤੇ ਉੱਚ ਪੱਧਰੀ ਜਾਂਚ ਹੋਈ ਤਾਂ ਇਸ ਵਿਚ ਕਿਸੇ ਵੱਡੀ ਰਾਜਨੀਤਕ ਹਸਤੀ ਦਾ ਹੱਥ ਸਾਹਮਣੇ ਆਵੇਗਾ।  ਇਸ ਮੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਮੌੜ ਬੰਬ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜਨ 'ਤੇ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਾ ਦੇਣਾ ਅਤੇ ਜਾਂਚ ਨੂੰ ਹੌਲੀ ਕਰਨਾ ਮਾਮਲੇ ਨੂੰ ਸ਼ੱਕੀ ਬਣਾਉਂਦਾ ਹੈ, ਜਿਸ ਦਾ ਸੱਚ ਉੱਚ ਪੱਧਰੀ ਜਾਂਚ ਨਾਲ ਹੀ ਸਾਹਮਣੇ ਆਵੇਗਾ। 
ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਹਵਾ ਤੋਂ ਡਰ ਕੇ ਵਿਰੋਧੀ ਭ੍ਰਿਸ਼ਟ ਪਾਰਟੀਆਂ ਨੇ ਏਕਾ ਕਰ ਲਿਆ ਤਾਂ ਜੋ ਉਹ ਜੇਲਾਂ ਦੀ ਹਵਾ ਤੋਂ ਬਚ ਸਕਣ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮੌੜ ਬੰਬ ਕਾਂਡ ਕਿਤੇ ਕੋਈ ਸਿਆਸੀ ਲਾਹਾ ਲੈਣ ਲਈ ਕੀਤਾ ਕਾਰਾ ਤਾਂ ਨਹੀਂ ਸੀ। ਇਸ ਗੱਲ ਦੀ ਜਾਂਚ ਪੰਜਾਬ ਸਰਕਾਰ ਦੇ ਦਬਾਅ ਤੋਂ ਰਹਿਤ ਉੱਚ ਪੱਧਰੀ ਏਜੰਸੀਆਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।  'ਮੌੜ ਬੰਬ ਕਾਂਡ ਸੰਘਰਸ਼ ਕਮੇਟੀ' ਦੇ ਗੁਰਮੇਲ ਸਿੰਘ ਮੇਲਾ, ਨਵੀਨ ਸਟਾਰ, ਜੀਤ ਇੰਦਰ ਸਿੰਘ, ਸੁਸ਼ੀਲ ਕੁਮਾਰ ਸ਼ੀਲੀ, ਜਸ਼ਨ ਕੁਮਾਰ, ਅੰਕੁਸ਼ ਬਾਂਸਲ ਅਤੇ ਪੀੜਤ ਪਰਿਵਾਰਾਂ ਦੇ ਡਾ. ਬਲਵੀਰ ਸਿੰਘ, ਮਾਸਟਰ ਨਛੱਤਰ ਸਿੰਘ ਆਦਿ ਨੇ ਕਮੇਟੀ ਦੀਆਂ ਮੰਗਾਂ ਸਬੰਧੀ ਸ. ਖਹਿਰਾ ਨੂੰ ਮੰਗ-ਪੱਤਰ ਦਿੱਤਾ ਪਰ ਸੰਘਰਸ਼ ਕਮੇਟੀ ਦੇ ਇਕ ਮੈਂਬਰ ਨੂੰ ਖਹਿਰਾ ਦੇ ਬਾਡੀ ਗਾਰਡ ਵੱਲੋਂ ਧੱਕੇ ਮਾਰਨ 'ਤੇ ਇਕ ਵਾਰ ਮਾਹੌਲ ਫਿਰ ਗਰਮ ਹੋ ਗਿਆ ਸੀ, ਜਿਸ ਨੂੰ ਠੰਡਾ ਕਰਨ ਲਈ ਸ. ਖਹਿਰਾ ਨੇ ਆਪਣੇ ਭਾਸ਼ਣ ਦੌਰਾਨ ਮੁਆਫੀ ਵੀ ਮੰਗੀ। ਵਿਧਾਇਕ ਜਗਦੇਵ ਸਿੰਘ ਕਮਾਲੂ, ਪ੍ਰੋ. ਬਲਜਿੰਦਰ ਕੌਰ, ਭੋਲਾ ਸਿੰਘ ਮਾਨ, ਪਿਰਮਲ ਧੌਲਾ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਮੀਤ ਹੇਅਰ, ਮਾਸਟਰ ਜਗਸੀਰ ਸਿੰਘ ਭੁੱਚੋ ਤੋਂ ਇਲਾਵਾ 'ਆਪ' ਆਗੂ ਦੀਪਕ ਬਾਂਸਲ, ਹਰਪ੍ਰੀਤ ਸਿੰਘ ਜਟਾਣਾ, ਰਾਕੇਸ਼ ਪੁਰੀ ਮੀਡੀਆ ਇੰਚਾਰਜ ਬਠਿੰਡਾ, ਨਵਦੀਪ ਸਿੰਘ, ਅਵਤਾਰ ਸਿੰਘ ਕਮਾਲੂ, ਨਿਰੰਜਨ ਸਿੰਘ ਭੁੱਲਰ ਆਦਿ ਭਾਰੀ ਗਿਣਤੀ ਵਿਚ 'ਆਪ' ਦੇ ਵਰਕਰ ਮੌਜੂਦ ਸਨ।