ਇਨਸਾਫ਼ ਨਾ ਮਿਲਣ ਕਾਰਨ ਪੀੜਤ ਚੜ੍ਹਿਆ ਟੈਂਕੀ ''ਤੇ

01/20/2018 4:19:24 AM

ਭਗਤਾ ਭਾਈ(ਜ. ਬ.)-ਆਪਣੀ ਪਤਨੀ ਨਾਲ ਹੋਈ ਕਥਿਤ ਛੇੜਛਾੜ ਦੇ ਮਾਮਲੇ 'ਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਖਫ਼ਾ ਹੋਇਆ ਇਕ ਵਿਅਕਤੀ ਅੱਜ ਸ਼ਾਮ ਪਿੰਡ ਗੌਂਸਪੁਰਾ ਦੀ ਵਾਟਰ ਵਰਕਸ ਦੀ ਟੈਂਕੀ 'ਤੇ ਜਾ ਚੜ੍ਹਿਆ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਕਤ ਵਿਅਕਤੀ ਦੀ ਹਮਾਇਤ 'ਚ ਇਲਾਕੇ ਦੀਆਂ ਜਥੇਬੰਦੀਆਂ ਵੀ ਪਹੁੰਚ ਗਈਆਂ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਪਤਨੀ ਨਾਲ ਪਿੰਡ ਦੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਛੇੜਛਾੜ ਕੀਤੀ ਸੀ ਅਤੇ ਧਮਕੀਆਂ ਦਿੱਤੀਆਂ ਸਨ। ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਦਿਆਲਪੁਰਾ ਭਾਈਕਾ ਦੀ ਪੁਲਸ ਵੱਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਪੀੜਤ ਵਿਅਕਤੀ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਉਸ ਦੀ ਪਤਨੀ ਲਈ ਜਾਤੀ-ਸੂਚਕ ਸ਼ਬਦ ਵੀ ਵਰਤੇ ਸਨ। ਪੁਲਸ ਨੇ ਉਸ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਅਤੇ ਨਾ ਹੀ ਜਾਤੀ-ਸੂਚਕ ਸ਼ਬਦ ਵਰਤਣ ਦੇ ਦੋਸ਼ ਅਧੀਨ ਉਸ ਖਿਲਾਫ ਕੋਈ ਕਾਰਵਾਈ ਕੀਤੀ। ਉਸ ਨੇ ਕਿਹਾ ਕਿ ਪਿਛਲੇ ਦਿਨੀਂ ਸੁਰਜੀਤਪੁਰਾ ਵਿਖੇ ਲਾਏ ਗਏ ਧਰਨੇ ਦੌਰਾਨ ਪੁਲਸ ਨੇ ਵਾਅਦਾ ਕੀਤਾ ਸੀ ਕਿ ਦੋਸ਼ੀ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਬਣਦੀ ਧਾਰਾ ਵੀ ਲਾਈ ਜਾਵੇਗੀ। ਟੈਂਕੀ 'ਤੇ ਚੜ੍ਹੇ ਪੀੜਤ ਨੇ ਦੋਸ਼ ਲਾਇਆ ਕਿ ਪੁਲਸ ਕਥਿਤ ਦੋਸ਼ੀ ਨੂੰ ਜਾਣ-ਬੁੱਝ ਕੇ ਗ੍ਰਿਫਤਾਰ ਨਹੀਂ ਕਰ ਰਹੀ। ਉਕਤ ਦੋਸ਼ੀ ਉਨ੍ਹਾਂ ਨੂੰ ਧਮਕਾ ਰਿਹਾ ਹੈ। ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਛੇੜਛਾੜ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੁਲਸ ਤੋਂ ਪੀੜਤ ਔਰਤ ਨੂੰ ਪੂਰਾ-ਪੂਰਾ ਇਨਸਾਫ ਦੇਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ 'ਚ ਸਖਤ ਸੰਘਰਸ਼ ਆਰੰਭ ਕੀਤਾ ਜਾਵੇਗਾ। ਪੁਲਸ ਚੌਕੀ ਦਿਆਲਪੁਰਾ ਦੇ ਇੰਚਾਰਜ ਜਸਕਰਨ ਸਿੰਘ ਪੁਲਸ ਫੋਰਸ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਉਕਤ ਵਿਅਕਤੀ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹਿਆ ਇਨਸਾਫ਼ ਦੀ ਮੰਗ 'ਤੇ ਅੜਿਆ ਹੋਇਆ ਸੀ।