ਖੇਡਣ-ਕੁੱਦਣ ਦੀ ਉਮਰ ਵਿਚ ਸੰਘਰਸ਼ ਦੇ ਮੈਦਾਨ ''ਚ ਕੁੱਦਿਆ ਬਚਪਨ

01/20/2018 4:14:39 AM

ਬਠਿੰਡਾ(ਸੁਖਵਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਖਿਲਾਫ ਮੁਲਾਜ਼ਮਾਂ ਵੱਲੋਂ ਲਾਇਆ ਗਿਆ ਮੋਰਚਾ 19ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਮੁਲਾਜ਼ਮਾਂ ਦੇ ਬੱਚਿਆਂ ਨੇ ਹੀ ਮੋਰਚੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਬੱਚਿਆਂ ਨੇ ਹੀ ਨਾਅਰੇ ਲਾਏ। ਬੱਚਿਆਂ ਨੇ ਹੀ ਨਾਅਰਿਆਂ ਦੇ ਜਵਾਬ 'ਚ ਨਾਅਰੇਬਾਜ਼ੀ ਕੀਤੀ। ਖੇਡਣ-ਕੁੱਦਣ ਦੀ ਉਮਰ 'ਚ ਹੀ ਇਹ ਮਾਸੂਮ ਬਚਪਨ ਸੰਘਰਸ਼ ਦੇ ਮੈਦਾਨ 'ਚ ਉਤਰ ਆਇਆ ਹੈ। ਛੋਟੇ-ਛੋਟੇ ਬੱਚੇ ਬੇਸ਼ੱਕ ਥਰਮਲ ਪਲਾਂਟ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਪਰ ਉਹ ਇੰਨਾ ਤਾਂ ਸਮਝ ਚੁੱਕੇ ਹਨ ਕਿ ਉਨ੍ਹਾਂ ਦੇ ਪਰਿਵਾਰਾਂ 'ਤੇ ਭਾਰੀ ਸੰਕਟ ਹੈ। ਇਹ ਬੱਚੇ ਆਪਣੇ ਮਾਤਾ-ਪਿਤਾ ਨੂੰ ਇਸ ਸੰਕਟ 'ਚੋਂ ਕੱਢਣ ਲਈ ਆਪਣੀ ਕਮਜ਼ੋਰ ਆਵਾਜ਼ ਨੂੰ ਬੁਲੰਦ ਕਰ ਰਹੇ ਹਨ। ਇਹ ਬੱਚੇ ਲਗਾਤਾਰ ਧਰਨੇ 'ਚ ਨਾ ਕੇਵਲ ਸ਼ਿਰਕਤ ਕਰ ਰਹੇ ਹਨ ਬਲਕਿ ਬੇਹੱਦ ਉਤਸ਼ਾਹ ਨਾਲ ਸੰਬੋਧਨ ਕਰਨਾ ਅਤੇ ਨਾਅਰੇਬਾਜ਼ੀ ਕਰਨਾ ਵੀ ਸਿੱਖ ਗਏ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ 23 ਜਨਵਰੀ ਨੂੰ ਮੁਲਾਜ਼ਮ ਇਕ ਵੱਡਾ ਐਕਸ਼ਨ ਕਰਨਗੇ, ਜਿਸ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੁਨੂੰ ਤੇ ਜਗਸੀਰ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਭਵਿੱਖ 'ਤੇ ਛਾਏ ਬੱਦਲ ਹਟ ਨਹੀਂ ਜਾਂਦੇ ਤਦ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 23 ਜਨਵਰੀ ਨੂੰ ਇਕ ਵਿਸ਼ਾਲ ਇਕੱਠ ਕਰ ਕੇ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਸਬੰਧੀ 20 ਜਨਵਰੀ ਨੂੰ ਸਾਰੀਆਂ ਸਹਿਯੋਗੀ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਲਾਮਬੰਦ ਕਰਨ ਲਈ ਜਥੇਬੰਦੀ ਵੱਲੋਂ ਕਮਲਾ ਨਹਿਰੂ ਕਾਲੋਨੀ 'ਚ ਪਿਛਲੀ ਰਾਤ 'ਜਾਗੋ' ਕੱਢੀ ਗਈ, ਜਿਸ 'ਚ ਕਾਲੋਨੀ ਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ, ਬਿਜਲੀ ਐਕਟ 2003 ਨੂੰ ਰੱਦ ਕੀਤਾ ਜਾਵੇ ਅਤੇ ਨਿੱਜੀ ਥਰਮਲਾਂ ਦੇ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਰੱਦ ਕੀਤੇ ਜਾਣ।