ਟੌਹੜਾ ਸੀਨੀਅਰ ਸੈਕੰਡਰੀ ਸਕੂਲ ਨੂੰ ਬੱਚਿਆਂ ਨੇ ਜੜਿਆ ਤਾਲਾ

01/16/2018 7:22:07 AM

ਸੜਕਾਂ 'ਤੇ ਉਤਰੇ ਵਿਦਿਆਰਥੀ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਪਟਿਆਲਾ(ਜੋਸਨ, ਅਵਤਾਰ)-'ਪੰਥ ਰਤਨ' ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਾਬ ਸਰਕਾਰ ਵੱਲੋਂ ਸਾਰੇ ਅਧਿਆਪਕ ਬਦਲਣ ਕਾਰਨ ਉੱਠੀ ਚੰਗਿਆੜੀ ਅੱਜ ਉਦੋਂ ਭਾਂਬੜ ਬਣ ਗਈ, ਜਦੋਂ ਸਕੂਲ ਦੇ ਸਾਰੇ ਬੱਚਿਆਂ ਨੇ ਸਵੇਰੇ ਹੀ ਸਕੂਲ ਨੂੰ ਜਿੰਦਰਾ ਜੜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਸਕੂਲ ਦੀ 11ਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਅਧਿਆਪਕਾਂ ਵੱਲੋਂ ਜਾਤੀ-ਸੂਚਕ ਸ਼ਬਦ ਵਰਤਣ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ 12 ਜਨਵਰੀ ਨੂੰ ਇਕ ਇਤਿਹਾਸਕ ਫੈਸਲੇ ਲੈਂਦੇ ਹੋਏ ਸਕੂਲ ਦੇ 16 ਸਟਾਫ ਮੈਂਬਰਾਂ ਦਾ ਤਬਾਦਲਾ ਕਰ ਦਿੱਤਾ ਸੀ। ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਵਿਦਿਆਰਥਣ ਵੀਰਪਾਲ ਨੇ ਵੀ ਸਿਰਫ 3 ਸਟਾਫ ਮੈਂਬਰਾਂ ਦੀ ਹੀ ਸ਼ਿਕਾਇਤ ਕੀਤੀ ਸੀ। ਇਸ ਮੌਕੇ ਡੀ. ਈ. ਓ. ਪਟਿਆਲਾ ਨੇ ਮੌਕੇ 'ਤੇ ਪੁੱਜ ਕੇ ਬੱਚਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਨਾਕਾਮ ਰਹੇ। ਵਿਦਿਆਰਥੀ ਮੰਗ ਕਰ ਰਹੇ ਸਨ ਕਿ ਸਕੂਲ ਤੇ ਸਾਰੇ ਅਧਿਆਪਕਾਂ ਦੀ ਬਦਲੀ ਜੋ ਕਿ ਸਿਆਸਤ ਅਧੀਨ ਕੀਤੀ ਹੈ, ਨੂੰ ਤੁਰੰਤ ਰੱਦ ਕੀਤਾ ਜਾਵੇ। ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੰਗ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਵੀਰਪਾਲ ਕੌਰ ਨੂੰ ਜਾਤੀ-ਸੂਚਕ ਸ਼ਬਦ ਬੋਲੇ ਸਨ, ਉਨ੍ਹਾਂ 'ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ। ਬਾਕੀ ਅਧਿਆਪਕਾਂ ਦਾ ਕੀ ਕਸੂਰ ਹੈ? 
ਇਨ੍ਹਾਂ ਬਦਲੀਆਂ ਤੋਂ ਬਾਅਦ ਸਿੱਖਿਆ ਵਿਭਾਗ ਨੇ 7 ਅਧਿਆਪਕਾਵਾਂ ਦੀ ਨਵੀਂ ਨਿਯੁਕਤੀ ਵੀ ਕਰ ਦਿੱਤੀ ਸੀ। ਅੱਜ 10ਵੀਂ ਕਲਾਸ ਦਾ ਪ੍ਰੀ-ਬੋਰਡ ਦਾ ਐੈੱਸ. ਐੈੱਸ. ਟੀ. ਅਤੇ 12ਵੀਂ ਕਲਾਸ ਦਾ ਹਿਸਟਰੀ ਦਾ ਪੇਪਰ ਵੀ ਸੀ। ਵਿਦਿਆਰਥੀਆਂ ਅਤੇ ਮਾਪਿਆਂ ਵਿਚ ਇਸ ਕਰ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਦਸਵੀਂ ਕਲਾਸ ਦੀ ਵਿਦਿਆਰਥਣ ਪਰਮਿੰਦਰ ਕੌਰ ਅਤੇ 12ਵੀਂ ਦੀ ਸੁਰਿੰਦਰ ਕੌਰ ਨੇ ਕਿਹਾ ਕਿ ਅਸੀਂ ਸਕੂਲ ਇਸ ਕਰ ਕੇ ਬੰਦ ਕੀਤਾ ਹੈ ਕਿÀੁਂਕਿ ਪੇਪਰ ਹੋਣ ਕਾਰਨ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ। ਇਸ ਮੌਕੇ ਇਕ ਵਿਦਿਆਰਥੀ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਜੇਕਰ ਸਿੱਖਿਆ ਵਿਭਾਗ ਨੇ ਕਾਰਵਾਈ ਕਰਨੀ ਸੀ ਤਾਂ ਜਿਨ੍ਹਾਂ ਅਧਿਆਪਕਾਂ 'ਤੇ ਜਾਤੀ-ਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਸਨ, ਉਨ੍ਹਾਂ 'ਤੇ ਕਰਦਾ। ਵਿਭਾਗ ਨੇ ਸਾਰੇ ਹੀ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਅਤੇ ਜਿਸ ਕਾਰਨ ਅਸੀਂ ਤਾਲਾ ਲਾ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਾਂ।