ਕਿਸਾਨਾਂ ਨੇ ਐੈੱਸ. ਡੀ. ਐੱਮ. ਦਫਤਰ ਅੱਗੇ ਦਿੱਤਾ ਧਰਨਾ

Saturday, Jan 13, 2018 - 07:01 AM (IST)

ਮੂਨਕ(ਸੈਣੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਨੇ ਐੱਸ. ਡੀ.ਐੱਮ. ਦਫਤਰ ਮੂਨਕ ਅੱਗੇ ਧਰਨਾ ਦੇ ਕੇ ਸਰਕਾਰ ਅਤੇ ਸੰਬੰਧਤ ਵਿਭਾਗ ਦਾ ਪਿੱਟ-ਸਿਆਪਾ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੂਨਕ ਦੀ ਤਹਿਸੀਲ 'ਚ 6-7 ਦਿਨਾਂ ਤੋਂ ਲਗਾਤਾਰ ਕੋਈ ਤਹਿਸੀਲਦਾਰ ਆਪਣੀ ਡਿਊਟੀ ਨਹੀਂ ਨਿਭਾਅ ਰਿਹਾ। ਜੇਕਰ ਕਦੇ-ਕਦਾਈਂ ਤਹਿਸੀਲਦਾਰ ਦਫਤਰ 'ਚ ਬੈਠਦਾ ਵੀ ਹੈ ਤਾਂ ਉਸ ਦਾ ਸਮਾਂ 5 ਵਜੇ ਤੱਕ ਹੁੰਦਾ ਹੈ। ਦਫਤਰ 'ਚ ਬੈਠੇ ਮਾਲ ਵਿਭਾਗ ਦੇ ਮੁਲਾਜ਼ਮ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਤਹਿਸੀਲਦਾਰ ਨਾ ਬੈਠਣ ਕਾਰਨ ਵਿਦਿਆਰਥੀਆਂ ਦੇ ਸਰਟੀਫਿਕੇਟਾਂ 'ਤੇ ਦਸਤਖਤ ਕਰਵਾਉਣ ਸਣੇ ਹੋਰ ਛੋਟੇ-ਮੋਟੇ ਕੰਮਾਂ ਲਈ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇਹ ਸਭ ਦੇਖਦੇ ਹੋਏ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਕਿਸਾਨ ਆਗੂਆਂ ਨੇ ਦੱਸਿਆ ਕਿ 22 ਤੋਂ 26 ਜਨਵਰੀ ਤੱਕ 5 ਦਿਨ ਲਗਾਤਾਰ ਪੱਕਾ ਮੋਰਚਾ ਲਾ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਦੌਰਾਨ ਪ੍ਰੈੱਸ ਸਕੱਤਰ ਮਾਸਟਰ ਗੁਰਚਰਨ ਸਿੰਘ, ਬਹਾਦਰ ਸਿੰਘ ਭੁਟਾਲ ਖੁਰਦ, ਸੁਖਦੇਵ ਸ਼ਰਮਾ ਭੁਟਾਲ ਖੁਰਦ, ਸੁਖਦੇਵ ਕੜੈਲ, ਕਰਨੈਲ ਗਨੋਟਾ, ਮਾਸਟਰ ਗੁਰਚਰਨ ਸਿੰਘ ਖੋਖਰ, ਬਿੱਕਰ ਖੋਖਰ ਆਦਿ ਮੌਜੂਦ ਸਨ।
ਕੀ ਹਨ ਮੰਗਾਂ
* ਮੂਨਕ ਤੇ ਲਹਿਰਾ ਦੇ ਤਹਿਸੀਲਦਾਰ ਨੂੰ ਡਿਊਟੀ 'ਤੇ ਲਗਾਤਾਰ ਲਾਇਆ ਜਾਵੇ।
* ਜਿਹੜੇ ਮੁਲਾਜ਼ਮ ਤੇ ਮਾਲ ਮਹਿਕਮੇ ਦੇ ਅਫਸਰ ਕਿਸਾਨਾਂ ਦੀ ਲੁੱਟ ਕਰਦੇ ਹਨ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰ ਕੇ ਆਮ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ।


Related News