ਕਰਜ਼ਾ ਮੁਆਫੀ ਯੋਜਨਾ ਦੇ ਲਾਭ ਤੋਂ ਵਾਂਝੇ ਕਿਸਾਨਾਂ ਕੀਤਾ ਰੋਸ ਪ੍ਰਦਰਸ਼ਨ

Friday, Jan 12, 2018 - 02:47 AM (IST)

ਬਠਿੰਡਾ(ਪਰਮਿੰਦਰ)- ਸੂਬਾ ਸਰਕਾਰ ਵੱਲੋਂ ਦਿੱਤੀ ਗਈ ਕਰਜ਼ਾ ਮੁਆਫ਼ੀ ਦੇ ਲਾਭ ਤੋਂ ਵਾਂਝੇ ਰਹਿਣ ਵਾਲੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਏ ਹਨ ਕਿ ਉਕਤ ਯੋਜਨਾ ਦਾ ਲਾਭ ਕਾਂਗਰਸ ਨਾਲ ਜੁੜੇ ਕਿਸਾਨਾਂ ਅਤੇ ਚਹੇਤਿਆਂ ਨੂੰ ਦਿੱਤਾ ਗਿਆ ਹੈ ਜਦਕਿ ਅਸਲੀ ਹੱਕਦਾਰ ਯੋਜਨਾ ਤੋਂ ਵਾਂਝੇ ਰਹਿ ਗਏ ਹਨ। ਇਸ ਸਬੰਧ ਵਿਚ ਕਿਸਾਨਾਂ ਨੇ ਭਾਕਿਯੂ ਏਕਤਾ (ਉਗਰਾਹਾਂ) ਦੇ ਪਿੰਡ ਝੁੰਬਾ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਦੀ ਅਗਵਾਈ ਵਿਚ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਸਲ ਹੱਕਦਾਰ ਕਿਸਾਨਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 
ਚਹੇਤਿਆਂ ਨੂੰ ਲਾਭ ਦੇਣ ਦੇ ਦੋਸ਼
ਇਸ ਮੌਕੇ ਕਿਸਾਨ ਜਗਸੀਰ ਸਿੰਘ, ਰਣਜੀਤ ਸਿੰਘ, ਉਜਾਗਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ, ਸੁਖਚਰਨ ਸਿੰਘ, ਬਚਿੱਤਰ ਸਿੰਘ, ਮੁਖਤਿਆਰ ਸਿੰਘ, ਜਗਸੀਰ ਸਿੰਘ ਸਕੱਤਰ, ਜਗਸੀਰ ਸਿੰਘ ਖਜ਼ਾਨਚੀ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਚਹੇਤਿਆਂ ਨੂੰ ਹੀ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾ ਦੇ ਅਧਿਕਾਰੀਆਂ ਵੱਲੋਂ ਆਪਣੀ ਮਰਜ਼ੀ ਨਾਲ ਕਿਸਾਨਾਂ ਦੇ ਨਾਂ ਕਰਜ਼ਾ ਮੁਆਫ਼ੀ ਦੀਆਂ ਸੂਚੀਆਂ 'ਚ ਸ਼ਾਮਲ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਜਦਕਿ ਹੋਰ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਝੁੰਬਾ ਵਿਚ ਅਸਲੀ ਹੱਕਦਾਰ ਕਿਸਾਨਾਂ ਦੇ ਨਾਮ ਸੂਚੀਆਂ 'ਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਦਿਵਾਇਆ ਜਾਵੇ।


Related News