ਰੋਜ਼ਗਾਰ ਬਚਾਉਣ ਲਈ ਜੇਲਾਂ ਭਰਨ ਲੱਗੀਆਂ ਆਂਗਣਵਾੜੀ ਵਰਕਰਾਂ  ਤੇ ਹੈਲਪਰਾਂ

11/16/2017 7:03:43 AM

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਵਿਰੋਧ 'ਚ ਅੱਜ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਜੇਲ ਭਰੋ ਅੰਦੋਲਨ ਕੀਤਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਬਿੰਜੋਕੀ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਡੀ ਤਦਾਦ 'ਚ ਡੀ. ਸੀ. ਦਫ਼ਤਰ ਅੱਗੇ ਇਕੱਠੀਆਂ ਹੋਈਆਂ ਤੇ ਪ੍ਰਦਰਸ਼ਨ ਤੋਂ ਬਾਅਦ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਬੀਤੇ 54 ਦਿਨਾਂ ਤੋਂ ਆਂਗਣਵਾੜੀ ਵਰਕਰਾਂ ਆਪਣੇ ਰੋਜ਼ਗਾਰ ਲਈ ਸੰਘਰਸ਼ ਕਰ ਰਹੀਆਂ ਹਨ ਤੇ ਸੂਬਾ ਸਰਕਾਰ 54000 ਦੇ ਕਰੀਬ ਔਰਤਾਂ ਦੇ ਰੋਜ਼ਗਾਰ ਨੂੰ ਲੈ ਕੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਠਿਤ ਬਾਲ ਵਿਕਾਸ ਸਕੀਮ ਪਿਛਲੇ 42 ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਜੋ ਪ੍ਰਦੇਸ਼ ਦੇ ਗਰੀਬ ਤੇ ਦਲਿਤ ਬੱਚਿਆਂ ਦੀ ਸਿਹਤ ਸੰਭਾਲ, ਪੋਸ਼ਣ ਅਤੇ ਸਿੱਖਿਆ ਮੁਹੱਈਆ ਕਰਵਾਕੇ ਚਹੁੰ ਪੱਖੀ ਵਿਕਾਸ ਕਰਦੀ ਹੈ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਿਗੂਣੇ ਮਾਣਭੱਤੇ 'ਤੇ ਕੰਮ ਕਰਦੀਆਂ ਹਨ। ਕੈਪਟਨ ਸਰਕਾਰ ਨੇ ਇਨ੍ਹਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋਂ ਉਲਟਾ ਰੋਜ਼ਗਾਰ ਖੋਹਣ ਦੀਆਂ ਤਿਆਰੀਆਂ ਪ੍ਰੀ-ਪ੍ਰਾਇਮਰੀ ਸਕੂਲਾਂ ਰਾਹੀਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੇ ਸੰਘਰਸ਼ ਨੂੰ ਬਿਨਾਂ ਮੰਨੇ ਖਤਮ ਨਹੀਂ ਕਰ ਸਕਦੇ। ਭਾਰੀ ਬਾਰਿਸ਼ ਦੇ ਬਾਵਜੂਦ ਆਂਗਣਵਾੜੀ ਵਰਕਰਾਂ ਨੇ ਡੀ. ਸੀ. ਬਰਨਾਲਾ ਦੇ ਦਫਤਰ ਨੂੰ ਪ੍ਰਧਾਨ ਬਲਰਾਜ ਕੌਰ ਦੀ ਅਗਵਾਈ 'ਚ ਘੇਰਾ ਪਾ ਲਿਆ। ਲੱਗਭਗ ਪੰਜ ਘੰਟੇ ਆਂਗਣਵਾੜੀ ਵਰਕਰਾਂ ਨੇ ਡੀ. ਸੀ. ਦਫਤਰ ਨੂੰ ਘੇਰੀ ਰੱਖਿਆ। ਇਸ ਉਪਰੰਤ ਪੁਲਸ ਨੇ ਸੈਂਕੜੇ ਹੀ ਆਂਗਣਵਾੜੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।  
ਜੇਲ 'ਚ ਪੱਕੀਆਂ ਪਕਾਈਆਂ ਰੋਟੀਆਂ ਦੀ ਕੀਤੀ ਮੰਗ
ਪ੍ਰਦਰਸ਼ਨਕਾਰੀ ਆਂਗਣਵਾੜੀ ਵਰਕਰਾਂ ਨੇ ਪ੍ਰਦਰਸ਼ਨ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸੂਬਾ ਸਰਕਾਰ ਉਨ੍ਹਾਂ ਦੀ ਰੋਜ਼ਗਾਰ ਦੀ ਗਾਰੰਟੀ ਨਹੀਂ ਦੇ ਸਕਦੀ ਤਾਂ ਉਨ੍ਹਾਂ ਨੂੰ ਜੇਲਾਂ 'ਚ ਡਕ ਕੇ ਉਨ੍ਹਾਂ ਲਈ ਪੱਕੀਆਂ ਪਕਾਈਆਂ ਰੋਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਦਾ ਪ੍ਰਬੰਧ ਕਰੇ। 
ਠੰਡ ਅਤੇ ਮੀਂਹ 'ਚ ਡਟੀਆਂ ਰਹੀਆਂ ਵਰਕਰਾਂ
ਆਂਗਣਵਾੜੀ ਵਰਕਰਾਂ ਦੇ ਪ੍ਰਦਰਸ਼ਨ ਦੌਰਾਨ ਹਲਕੀ-ਹਲਕੀ ਬਾਰਿਸ਼ ਕਾਰਨ ਠੰਡੀ ਵੱਧ ਗਈ ਪਰ ਪ੍ਰਦਰਸ਼ਨਕਾਰੀ ਔਰਤਾਂ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਦੀਆਂ ਰਹੀਆਂ। 
ਪ੍ਰਦਰਸ਼ਨ ਕਾਰਨ ਲੱਗਾ ਜਾਮ
ਇਸ ਪ੍ਰਦਰਸ਼ਨ ਦੌਰਾਨ ਲਾਈਟਾਂ ਵਾਲੇ ਚੌਕ ਅਤੇ ਪ੍ਰੇਮ ਬਸਤੀ ਰੋਡ 'ਤੇ ਜਾਮ ਲੱਗਾ ਰਿਹਾ। ਪ੍ਰਦਰਸ਼ਨ ਕਾਰਨ ਪ੍ਰੇਮ ਬਸਤੀ ਰੋਡ ਦੇ ਦੁਕਾਨਦਾਰਾਂ ਅਤੇ ਉਥੇ ਦੇ ਵਸਨੀਕਾਂ ਤੋਂ ਇਲਾਵਾ ਡੀ. ਸੀ. ਦਫ਼ਤਰ 'ਚ ਆਪਣੇ ਕੰਮਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 
ਬੱਚਿਆਂ ਸਮੇਤ ਦਿੱਤੀਆਂ ਗ੍ਰਿਫਤਾਰੀਆਂ
ਜੇਲ ਭਰੋ ਅੰਦੋਲਨ ਤਹਿਤ ਤੇ ਆਪਣੇ ਹੱਕਾਂ ਦੀ ਰਾਖੀ ਲਈ ਕਈ ਆਂਗਣਵਾੜੀ ਵਰਕਰਾਂ ਆਪਣੇ ਛੋਟੇ-ਛੋਟੇ ਬੱਚਿਆਂ ਸਮੇਤ ਗ੍ਰਿਫਤਾਰੀ ਦੇਣ ਲਈ ਆਈਆਂ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਬੱਚਿਆਂ ਸਮੇਤ ਹੀ ਬੱਸਾਂ ਵਿਚ ਬਿਠਾਇਆ। ਇਸ ਮੌਕੇ ਇਨ੍ਹਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਬੱਚਿਆਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਤੇ ਬੱਚੇ ਛੋਟੇ ਹੋਣ ਕਾਰਨ ਉਨ੍ਹਾਂ ਬੱਚਿਆਂ ਸਮੇਤ ਹੀ ਗ੍ਰਿਫਤਾਰੀ ਦੇਣ ਨੂੰ ਤਰਜੀਹ ਦਿੱਤੀ। 
ਕੱਪੜੇ ਵੀ ਨਾਲ ਲੈ ਕੇ ਆਈਆਂ 
ਗ੍ਰਿਫ਼ਤਾਰੀ ਦੇਣ ਲਈ ਪਹੁੰਚੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜੇਲ 'ਚ ਰਹਿਣ ਲਈ ਆਪਣੇ ਕੱਪੜੇ ਤੇ ਕੰਬਲ ਵੀ ਨਾਲ ਲੈ ਕੇ ਆਈਆਂ। ਸਿਰਾਂ 'ਤੇ ਬੈਗ ਰੱਖੀ ਇਨ੍ਹਾਂ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਅੱਜ ਤਾਂ ਅਸੀ ਇਕੱਲੀਆਂ ਗ੍ਰਿਫਤਾਰੀ ਦੇਣ ਲਈ ਆਈਆਂ ਹਨ ਜੇਕਰ ਦੋ ਦਿਨਾਂ ਦੇ ਅੰਦਰ-ਅੰਦਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਪਰਿਵਾਰਕ ਮੈਂਬਰ ਵ ਗ੍ਰਿਫਤਾਰੀਆਂ ਦੇਣ ਲਈ ਆਉਣਗੇ।
ਸੁਰੱਖਿਆ ਦੇ ਸਨ ਸਖਤ ਪ੍ਰਬੰਧ 
ਆਂਗਣਵਾੜੀ ਵਰਕਰਾਂ ਦੀ ਗ੍ਰਿਫਤਾਰੀ ਸਬੰਧੀ ਪੁਲਸ ਪ੍ਰਸ਼ਾਸਨ ਦੇ ਸਖਤ ਪ੍ਰਬੰਧ ਵੇਖਣ ਨੂੰ ਮਿਲੇ। ਡੀ. ਐੱਸ. ਪੀ. ਨਾਹਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਦੀਪਇੰਦਰ ਸਿੰਘ ਜੇਜੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਤੇ ਲੇਡੀਜ਼ ਪੁਲਸ ਕਰਮਚਾਰੀ ਤਾਇਨਾਤ ਸਨ। ਪੁਲਸ ਨੇ ਵਾਹਨਾਂ ਦਾ ਪ੍ਰਬੰਧ ਕਰ ਕੇ ਇਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ 250 ਦੇ ਕਰੀਬ ਆਂਗਣਵਾੜੀ ਵਰਕਰਾਂ ਨੂੰ ਹਿਰਾਸਤ 'ਚ ਲੈ ਕੇ ਕੀਤਾ ਰਿਹਾਅ
ਬਰਨਾਲਾ-ਜਦੋਂ ਇਸ ਸਬੰਧ 'ਚ ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੇ 250 ਦੇ ਕਰੀਬ ਆਂਗਣਵਾੜੀ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਸੀ ਅਤੇ ਬੱਸਾਂ ਰਾਹੀਂ ਵੱਖ-ਵੱਖ ਥਾਣਿਆਂ 'ਚ ਭੇਜਿਆ ਗਿਆ। ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।