ਦੋ ਮਹੀਨੇ ਤੋਂ ਇਕ ਹਜ਼ਾਰ ਘਰਾਂ ਦੀ ਪਾਣੀ ਸਪਲਾਈ ਬੰਦ ; ਲੋਕਾਂ ਕੀਤੀ ਨਾਅਰੇਬਾਜ਼ੀ

10/17/2017 12:52:36 AM

ਫ਼ਿਰੋਜ਼ਪੁਰ(ਅਰਸ਼ਦੀਪ, ਕੁਲਦੀਪ)—ਫਿਰੋਜ਼ਪੁਰ-ਮੋਗਾ ਸੜਕ 'ਤੇ ਰੇਲਵੇ ਲਾਈਨ ਉਪਰ ਬਣ ਰਹੇ ਪੁਲ ਕਾਰਨ ਪਿੰਡ ਸਤੀਏ ਵਾਲਾ, ਬੀ. ਐੱਸ. ਐੱਫ. ਕਾਲੋਨੀ ਅਤੇ ਆਲੇ ਵਾਲਾ ਦੇ ਕਰੀਬ ਇਕ ਹਜ਼ਾਰ ਘਰਾਂ ਨੂੰ ਪਾਣੀ ਦੀ ਮਿਲਣ ਵਾਲੀ ਸਪਲਾਈ ਪਿਛਲੇ ਦੋ ਮਹੀਨੇ ਤੋਂ ਬੰਦ ਪਈ ਹੈ। ਲੋਕਾਂ ਦੁਆਰਾ ਸਰਕਾਰੇ-ਦਰਬਾਰੇ ਫਰਿਆਦ ਕਰਨ ਦੇ ਬਾਵਜੂਦ ਇਹ ਸਪਲਾਈ ਚਾਲੂ ਨਾ ਹੋਣ ਕਾਰਨ ਇਨ੍ਹਾਂ ਪਿੰਡ ਵਾਸੀਆਂ ਨੇ ਅੱਜ ਸੜਕ 'ਤੇ ਧਰਨਾ ਲਗਾ ਕੇ ਸਰਕਾਰ ਤੇ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਇਨ੍ਹਾਂ ਪਿੰਡਾਂ ਨੂੰ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਇਸ ਬਣ ਰਹੇ ਪੁਲ ਦੇ ਪਾਰਲੇ ਪਾਸੇ ਤੋਂ ਆਉਂਦੀ ਹੈ। ਇਸ ਸਪਲਾਈ ਲਈ ਪਾਈਪ ਲਾਈਨ ਪੁਲ ਦੇ ਹੇਠਾਂ ਦੀ ਗੁਜ਼ਰਦੀ ਸੀ। ਪੁਲ ਦੇ ਭਾਰ ਕਾਰਨ ਇਹ ਪਲਾਸਟਿਕ ਦੀ ਪਾਈਪ ਦੱਬ ਗਈ, ਜਿਸ ਕਾਰਨ ਇਸ 'ਚੋਂ ਪਾਣੀ ਆਉਣਾ ਬੰਦ ਹੋ ਗਿਆ। ਨਵੇਂ ਨਿਯਮਾਂ ਅਨੁਸਾਰ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀ ਇਸ ਨਵੀਂ ਬਣਨ ਵਾਲੀ ਪਾਈਪ ਲਾਈਨ ਨੂੰ ਸੜਕ ਦੇ ਕੰਢੇ ਮੀਂਹ ਜਾਂ ਹੋਰ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ 'ਚੋਂ ਕੱਢਣ ਦੇ ਯਤਨਾਂ ਵਿਚ ਹਨ, ਜਿਸ 'ਤੇ ਪਿੰਡ ਵਾਸੀ ਇਤਰਾਜ਼ ਕਰ ਰਹੇ ਹਨ। ਇਸ ਧਰਨੇ ਵਿਚ ਮਨਪ੍ਰੀਤ ਕੌਰ, ਅਨੀਤਾ, ਸੁਨੀਤਾ, ਕਸ਼ਮੀਰ ਕੌਰ, ਬਾਬਾ ਗੁਰਸੇਵਕ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਕੌਰ ਮੈਂਬਰ ਪੰਚਾਇਤ, ਰਫੀ, ਬਿੱਟੂ ਭੁੱਲਰ ਅਤੇ ਜੈਕੀ ਨੇ ਹਿੱਸਾ ਲਿਆ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਮਸਲਾ ਹੱਲ ਨਾ ਹੋਇਆ ਤਾਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਲੜੀਵਾਰ ਧਰਨਾ ਦਿੱਤਾ ਜਾਵੇਗਾ।