ਪ੍ਰਸ਼ਾਸਨ ਦੀ ਲਾਰੇਬਾਜ਼ੀ ਖਿਲਾਫ ਫੁੱਟਿਆ ਗੁੱਸਾ

Wednesday, Oct 11, 2017 - 06:58 AM (IST)

ਲਹਿਰਾਗਾਗਾ(ਜਿੰਦਲ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਲੂਰ ਕਾਂਡ ਦੇ ਰੋਸ ਅਤੇ ਆਪਣੀਆਂ ਮੰਗਾਂ ਦੇ ਹੱਕ 'ਚ ਪਹਿਲਾਂ ਸ਼ਹਿਰ 'ਚ ਰੋਸ ਮਾਰਚ ਕੱਢ ਕੇ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ 'ਤੇ ਬੈਠੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਮੁਕੇਸ਼ ਮਲੌਦ, ਬਲਵਿੰਦਰ ਜਲੂਰ ਨੇ ਦੋਸ਼ ਲਾਇਆ ਕਿ ਜਲੂਰ ਕਾਂਡ ਦਾ ਸਾਜ਼ਿਸ਼ਕਰਤਾ ਇਕ ਵਿਅਕਤੀ ਆਪਣੇ ਅਸਰ ਰਸੂਖ ਅਤੇ ਸਿਆਸੀ ਸਰਪ੍ਰਸਤੀ ਹੇਠ ਲੰਬੇ ਸਮੇਂ ਤੋਂ ਬਚਦਾ ਆ ਰਿਹਾ ਹੈ । ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮੰਗ ਕਰਦੇ ਦਲਿਤਾਂ ਨੂੰ ਧਨਾਢ ਲੋਕਾਂ ਨੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਸ਼ਹਿ 'ਤੇ ਦਰੜਣ ਦੀ ਕੋਸ਼ਿਸ਼ ਕੀਤੀ, ਜਿਸ ਖਿਲਾਫ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਤਿੱੱਖੇ ਸੰਘਰਸ਼ ਕੀਤੇ ਗਏ। ਪੁਲਸ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਉਹ ਜਲੂਰ ਕਾਂਡ ਦੌਰਾਨ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਦਲਿਤਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ 'ਤੇ ਦਿੱਤੀ ਜਾਵੇਗੀ, ਸੰਘਰਸ਼ ਦੌਰਾਨ ਦਰਜ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣਗੇ, ਦਲਿਤਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ ਅਤੇ ਪੁਲਸ ਭਰਤੀ ਲਈ ਚੁਣੇ 2 ਨੌਜਵਾਨਾਂ ਦੀ ਨੌਕਰੀ 'ਤੇ ਲਾਈ ਰੋਕ ਹਟਾ ਕੇ ਉਨ੍ਹਾਂ ਦੀ ਭਰਤੀ ਕੀਤੀ ਜਾਵੇਗੀ ਪਰ ਇਕ ਸਾਲ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਨੇ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਬਲਕਿ ਲਾਰਿਆਂ 'ਚ ਸਮਾਂ ਲੰਘਾਇਆ ਜਾ ਰਿਹਾ ਹੈ।  ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਇਸ ਦਲਿਤ ਵਿਰੋਧੀ ਰਵੱਈਏ ਖਿਲਾਫ ਆਉਣ ਵਾਲੇ ਦਿਨਾਂ ਵਿਚ ਵਿਸ਼ਾਲ ਘੋਲ ਉਸਾਰਨ ਲਈ ਇਹ ਸੰਕੇਤਕ ਧਰਨਾ ਅਗਲੇ ਪੜਾਅ ਦੀ ਸ਼ੁਰੂਆਤ ਹੋਵੇਗਾ। ਮਜ਼ਦੂਰਾਂ ਨੇ ਬਾਕੀ ਰਹਿੰਦੀਆਂ ਮੰਗਾਂ ਲਈ ਵੀ ਸੰੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮਜ਼ਦੂਰ ਆਗੂ ਬਲਵੀਰ ਜਲੂਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਮੂਨਕ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਲੀਲਾ ਚੋਟੀਆਂ, ਸੰਘਰਸ਼ ਕਮੇਟੀ ਦੇ ਆਗੂ ਰਾਜ ਖੋਖਰ, ਕੁਲਦੀਪ ਕੌਰ, ਸੁੱਖਾ ਬਾਦਲਗੜ੍ਹ, ਕਾਕਾ ਸਿੰਘ ਤੋਂ ਇਲਾਵਾ ਹੋਰ ਵੀ ਮਜ਼ਦੂਰ ਹਾਜ਼ਰ ਸਨ ।


Related News